(ਸਤਪਾਲ ਸਿੰਘ ਜੌਹਲ)- ਬੀਤੇ ਕਈ ਸਾਲਾਂ ਦੌਰਾਨ ਕਲ਼ਪਦੇ ਲੋਕਾਂ ਤੋਂ ਮਿਲ਼ਦੀ ਰਹੀ ਜਾਣਕਾਰੀ ਅਨੁਸਾਰ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀ ਭਾਈਚਾਰੇ ਦੇ ਲੋਕਾਂ ਨਾਲ਼ ਪੰਜਾਬ ਵਿੱਚ ਰਹਿੰਦੇ ਉਨ੍ਹਾਂ ਦੇ ਆਪਣੇ ਟੱਬਰਾਂ ਦੇ ਮਚਲੇ ਜੀਅ, ਰਿਸ਼ਤੇਦਾਰ, ਗੂੜ੍ਹੇ ਦੋਸਤ ਠੱਗੀਆਂ ਕਰਨ ਤੋਂ ਬਾਜ ਨਹੀਂ ਆ ਰਹੇ/ਰਹੀਆਂ। ਚੰਗੇ ਅਤੇ ਚੰਗੀਆਂ ਬਹੁਤ ਹੋਣਗੇ ਪਰ ਅੱਜ ਏਥੇ ਵਿਸ਼ਾ ਬਹੁਤ ਅਪਣੱਤ, ਪਿਆਰ ਵਗੈਰਾ ਦੇ ਭੁਲੇਖਿਆਂ ਨਾਲ਼ ਨੇੜਤਾ ਵਧਾ ਕੇ ਦੋਵੇਂ ਹੱਥੀਂ ਲੁੱਟਾਂ ਕਰਨ ਅਤੇ ਲੁੱਟ ਦਾ ਕੰਮ ਸਿਰੇ ਚੜ੍ਹਨ ਮਗਰੋਂ ਪੈਰਾਂ `ਤੇ ਪਾਣੀ ਨਾ ਪੈਣ ਦੇਣ ਦਾ ਹੈ।
ਇਸ ਸੱਚ ਨੂੰ ਕੋਈ ਮੰਨੇ ਤੇ ਭਾਵੇਂ ਨਾ ਮੰਨੇ ਪਰ, ਆਪਣਿਆਂ ਵਲੋਂ ਆਪਣਿਆਂ ਨਾਲ਼ ਧੋਖੇ ਕਰਨ ਦੇ ਕੇਸ ਥੋੜ੍ਹੇ ਨਹੀਂ ਸਗੋਂ ਇਸ ਦੇ ਉਲਟ ਬਹੁਤ ਵੱਧ ਵਾਪਰਦੇ ਜਾਪਦੇ ਹਨ। ਜਮੀਨਾਂ, ਪਲਾਟ, ਘਰ, ਕੋਠੀ ਵਗੈਰਾ ਸੰਭਾਲਣ, ਮੁਰੰਮਤ, ਅਤੇ ਖਰੀਦ/ਵੇਚ ਦੇ ਚੱਕਰਾਂ ਵਿੱਚ ਭਰੋਸੇ ਨਾਲ਼ ਦਰਜ ਕਰਵਾਈਆਂ ਪਾਵਰ ਆਫ ਅਟਾਰਨੀਆਂ (ਮੁਖਤਿਆਰਨਾਮੇ) ਵਿਦੇਸ਼ਾਂ ਵਿੱਚ ਰਹਿੰਦੇ ਲੋਕਾਂ ਦੀ ਲੁੱਟ ਦਾ ਰਾਹ ਪੱਧਰਾ ਕਰਨ ਦਾ ਪੱਕਾ ਸਾਧਨ ਸਾਬਿਤ ਹੋ ਰਹੀਆਂ ਹਨ। ਜਾਇਦਾਦ ਵੱਧ ਮੁੱਲ ਵਿੱਚ ਵੇਚਣੀ ਪਰ ਦੱਸਣਾ ਘੱਟ, ਵਕੀਲਾਂ ਦੀ ਫੀਸ ਲਈ ਡਾਲਰ/ਪੌਂਡ ਮੰਗਵਾ ਕੇ ਅੱਧੀ-ਪਚੱਧੀ ਰਕਮ ਨਾਲ਼ ਆਪਣਾ ਹਲਵਾ ਮਾਂਡਾ ਚਲਾਈ ਜਾਣਾ ਤਾਂ ਆਮ ਵਰਤਾਰਾ ਹੈ। ਚੋਰੀ ਫੜੀ ਜਾਵੇ ਤਾਂ ਸੀਨਾਜੋਰੀ ਨਾਲ਼ ਤੇਵਰ ਤਿੱਖੇ ਕਰ ਲਏ ਜਾਂਦੇ ਹਨ। ਮਤਲਬ ਦੀ ਮਾਰੀ ਦੁਨੀਆਂ ਹੈ।
ਕੈਨੇਡਾ/ਅਮਰੀਕਾ ਅਤੇ ਪੰਜਾਬ, ਭਾਵ ਦੋ ਬੇੜੀਆਂ ਵਿੱਚ ਸਵਾਰ ਰਹਿਣ ਦੀ ਚਾਹਤ ਰੱਖਦੇ ਵਿਦੇਸ਼ੀ ਪੰਜਾਬੀਆਂ ਨਾਲ਼ ਅਜਿਹੀ ਠੱਗੀ ਵਾਪਰਨਾ ਕੋਈ ਜੱਗੋਂ ਤੇਹਰਵੀਂ ਗੱਲ ਨਹੀਂ ਹੈ। ਕੈਨੇਡਾ/ਅਮਰੀਕਾ/ਯੂਰਪ ਵਿੱਚ ਵੜਨ ਤੱਕ ਗੂੜ੍ਹੀਆਂ ਸੱਜਣਤਾਈਆਂ ਦੇ ਭੁਲੇਖੇ ਕਾਇਮ ਰੱਖਣ, ਅਤੇ ਮਤਲਬ ਪੂਰੇ ਹੋਣ ਮਗਰੋਂ ਸਾਫ ਸੁਥਰੇ ਜਹੇ ਹੋ ਕੇ ਮੂੰਹ ਮੋੜ ਲੈਣ ਦੇ ਵਰਤਾਰੇ ਤਾਂ ਟੱਬਰਾਂ ਵਿੱਚ ਦਹਾਕਿਆਂ ਤੋਂ ਆਮ ਵਾਪਰ ਰਹੇ ਹਨ।
ਹੁਣ ਮੌਜੂਦਾ (ਅਖੇ ਪੜ੍ਹੇ/ਲਿਖੀਆਂ ਦੇ) ਸਮੇਂ ਵਿੱਚ ਅਜਿਹੀਆਂ ਚਲਾਕੀਆਂ ਘਟੀਆਂ ਨਹੀਂ, ਸਗੋਂ ਬਹੁਤ ਵੱਧ ਹਨ ਅਤੇ ਚਲਾਕੀਆਂ ਕਰਨ ਵਿੱਚ ਅਕਸਰ ਔਲਾਦਾਂ, ਉਨ੍ਹਾਂ ਦੇ ਮਾਪੇ, ਸਕੇ/ਸਕੀਆਂ, ਕੁਨਬਿਆਂ ਵਲੋਂ ਰਲ਼ ਕੇ ਚੱਲਿਆਂ ਜਾਂਦਾ ਰਹਿੰਦਾ ਹੈ। ਵੈਸੇ ਸੰਤ ਸਿੰਘ ਮਸਕੀਨ ਦੱਸ ਗਏ ਹਨ ਕਿ ਗੱਲ ਤਾਂ ਮੌਕਾ ਮਿਲਣ ਦੀ ਹੈ, ਕਿਉਂਕਿ ਰਿਸ਼ਤੇਦਾਰੀਆਂ, ਸੱਜਣਤਾਈਆਂ ਦੇ ਸਹਾਰੇ ਇਕ-ਦੂਸਰੇ ਨਾਲ਼ ਜਮੀਨਾਂ, ਘਰਾਂ ਦੀ ਖਰੀਦ/ਵੇਚ ਦੇ ਸੌਦਿਆਂ ਵਿੱਚ ਡਾਲਰਾਂ ਦੇ ਧੋਖੇ ਕਰਨ ਦੇ ਕੇਸਾਂ ਨਾਲ਼ ਬਰੈਂਪਟਨ ਦੀ ਅਦਾਲਤ ਵੀ ਭਰੀ ਪਈ ਹੈ।