(ਸਤਪਾਲ ਸਿੰਘ ਜੌਹਲ)- ਕੇਸ `ਤੇ ਕੇਸ: ਬਰੈਂਪਟਨ ਵਿਖੇ ਅਦਾਲਤ ਵਿੱਚ ਲਗਾਤਾਰਤਾ ਨਾਲ਼ ਤਲਾਕ ਦੇ ਵੱਡੀ ਗਿਣਤੀ ਵਿੱਚ ਪੇਚੀਦਾ ਕੇਸ ਸਾਹਮਣੇ ਆਉਂਦੇ ਰਹਿੰਦੇ ਹਨ ਜਿਨ੍ਹਾਂ ਵਿੱਚ ਪਤੀ ਅਤੇ ਪਤਨੀ ਦਾ ਆਪਣੇ ਬੱਚਿਆਂ ਦੀ ਦੇਖਭਾਲ਼ ਕਰਨ ਤੇ ਜਾਇਦਾਦ ਦੀ ਵੰਡ ਤੋਂ ਤਕੜਾ ਆਢਾ ਲੱਗਾ ਰਹਿੰਦਾ ਹੈ। ਆਪਣੀਆਂ ਕੀਤੀਆਂ ਸਾਹਮਣੇ ਆਉਣ ਵਾਲ਼ੀ ਗੱਲ ਅਕਸਰ ਉਦੋਂ ਵੀ ਬਣਦੀ ਹੈ ਜਦੋਂ ਕੈਨੇਡਾ ਦੇ ਨਰਮ ਕਾਨੂੰਨਾਂ ਤੇ ਸਰਕਾਰੀ ਸਿਸਟਮਾਂ ਨੂੰ ਚਰੂੰਡ ਕੇ ਭਰੇ ਗਏ ਲੁਕਵੇਂ ਬੈਂਕ ਖਾਤੇ ਤੇ ਮਹੱਲਾਂ ਦੀ ਪਾਈ-ਪਾਈ ਦਾ ਮੁੱਢ ਤੋਂ ਹਿਸਾਬ ਜੱਜਾਂ ਨੂੰ ਦੱਸਣਾ/ਦੇਣਾ ਪੈ ਜਾਂਦਾ ਹੈ।
ਸਾਲੋ-ਸਾਲ ਟੈਕਸ ਭਰਨ ਸਮੇਂ ਦੀਆਂ ਕੀਤੀਆਂ ਚੁਸਤੀਆਂ ਤੇ ਲੁਕੋਈਆਂ ਆਮਦਨਾਂ (ਬੇਸਮੈਂਟਾਂ, ਘਰਾਂ ਦੇ ਕਿਰਾਇਆਂ, ਟਰੱਕਾਂ, ਟੈਕਸੀਆਂ ਸਮੇਤ ਬਿਜਨਸਾਂ ਦੇ ਪਾਏ ਅੰਨ੍ਹੇ ਖਰਚਿਆਂ) ਦੇ ਲੰਬੇ ਕੱਚੇ ਚਿੱਠੇ ਵੀ ਖੁਲ੍ਹ ਜਾਂਦੇ ਹਨ ਤੇ ਅਕਸਰ ਚੁਸਤ ਬਣਦੇ ਰਹੇ ਪਤੀਆਂ ਨੂੰ ਹੱਥਾਂ ਪੈਰਾਂ ਦੀ ਪੈਂਦੀ ਰਹਿੰਦੀ ਹੈ। ਇਹ ਵੀ ਕਿ ਭਾਰਤ, ਪੰਜਾਬ ਤੱਕ ਲੁਕੋਈਆਂ ਜਾਇਦਾਦਾਂ ਰਕਮਾਂ ਵੀ ਜ਼ਾਹਿਰ ਹੋ ਜਾਂਦੀਆਂ ਹਨ। ਕੇਸਾਂ `ਤੇ ਕੇਸ ਹੋਈ ਜਾਣਗੇ ਤਾਂ ਤਰੀਕਾਂ `ਤੇ ਤਰੀਕਾਂ ਤਾਂ ਪੈਣਗੀਆਂ। ਪੇਸ਼ੀਆਂ ਭੁਗਤਣੀਆਂ ਤਾਂ ਕੰਮਾਂ ਦੇ ਹਰਜ ਹੋਣਗੇ। ਵਕੀਲਾਂ ਦੇ ਘਰ ਭਰਦੇ ਰਹਿਣਾ ਪੈਣਾ ਹੈ। ਤਲਾਕ ਬਨਾਮ ਉਜਾੜਾ ਵਾਲ਼ੀ ਗੱਲ ਬਣਦੀ ਹੈ।
ਆਮ ਕਰਕੇ ਅਜਿਹਾ ਜਾਪਦਾ ਹੁੰਦਾ ਕਿ ਓਨਾ ਵੱਡਾ ਤਾਂ ਮਸਲਾ (ਕੇਸ) ਨਹੀਂ ਹੁੰਦਾ ਜਿੰਨਾ ਉਸ ਨੂੰ ਆਪਸੀ ਆਕੜਾਂ, ਖੁੰਦਕਾਂ, ਬਦਲਾਖੋਰੀ, ਚੁੱਕ ਅਤੇ ਜਿਦਾਂ ਨਾਲ਼ ਵਧਾਇਆ ਜਾਂਦਾ ਰਹਿੰਦਾ ਹੈ। ਕੈਨੇਡਾ `ਚ ਪਹੁੰਚਣ ਦੀਆਂ ਅਰਦਾਸਾਂ ਯਾਦ ਰੱਖਣ ਤੇੇ ਕੈਨੇਡਾ ਵਿੱਚ ਸਰਕਾਰੀ ਸਿਸਟਮਾਂ ਨਾਲ਼ ਲੁਕਵੀਂ ਲੁੱਟਮਾਰ ਦੀ ਸ਼ੈਤਾਨੀਅਤ ਕਰਨ ਦੀ ਬਜਾਏ ਆਪਣੇ ਕਿਰਦਾਰਾਂ ਨੂੰ ਸੁੱਚਾ ਰੱਖਣ ਭਾਵ ਭੱਲ ਪਚਣ ਨਾਲ਼ ਜਰੂਰ ਫਰਕ ਪੈ ਸਕਦਾ ਹੈ।