ਆਉਣ ਵਾਲੀ ਪੰਜਾਬੀ ਫ਼ਿਲਮ ‘ਮੌਜਾਂ ਹੀ ਮੌਜਾਂ’ ਨਾਲ ਝੂਮਣ ਲਈ ਤਿਆਰ ਹੋ ਜਾਓ, ਜੋ ਕਿ 20 ਅਕਤੂਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਲਈ ਤਿਆਰ ਹੈ। ਅਮਰਦੀਪ ਗਰੇਵਾਲ ਵਲੋਂ ਬਣਾਈ ਗਈ ਇਹ ਫ਼ਿਲਮ ਹਾਸੇ, ਡਰਾਮੇ, ਜਜ਼ਬਾਤਾਂ ਤੇ ਚਾਰਟ-ਟੋਪਿੰਗ ਮਿਊਜ਼ਿਕ ਹਿੱਟਸ ਦਾ ਇਕ ਵਧੀਆ ਮਿਸ਼ਰਣ ਪੇਸ਼ ਕਰਨ ਦਾ ਵਾਅਦਾ ਕਰਦੀ ਹੈ।
ਫ਼ਿਲਮ ‘ਮੌਜਾਂ ਹੀ ਮੌਜਾਂ’ ਇਕੱਲੀ ਮਿਊਜ਼ਿਕ ਬਾਰੇ ਨਹੀਂ ਹੈ। ਇਹ ਇਕ ਕਾਮੇਡੀ-ਡਰਾਮਾ ਫ਼ਿਲਮ ਹੈ, ਜੋ ਆਪਣੇ ਕਮਾਲ ਦੇ ਚੁਟਕਲਿਆਂ, ਮਜ਼ੇਦਾਰ ਸਥਿਤੀਆਂ ਤੇ ਇਕ ਸ਼ਾਨਦਾਰ ਸਮੂਹ ਕਾਸਟ ਨਾਲ ਸ਼ੁਰੂ ਤੋਂ ਅਖੀਰ ਤੱਕ ਤੁਹਾਡਾ ਮਨੋਰੰਜਨ ਕਰੇਗੀ। ਫ਼ਿਲਮ ਦੀ ਕਹਾਣੀ ਤੇ ਸਕ੍ਰੀਨਪਲੇ ਵੈਭਵ ਸੁਮਨ ਤੇ ਸ਼੍ਰੇਆ ਸ਼੍ਰੀਵਾਸਤਵ ਵਲੋਂ ਲਿਖੇ ਗਏ ਹਨ। ਡਾਇਲਾਗਸ ਨਰੇਸ਼ ਕਥੂਰੀਆ ਵਲੋਂ ਲਿਖੇ ਗਏ ਹਨ, ਈਸਟ ਸਨਸ਼ਾਈਨ ਪ੍ਰੋਡਕਸ਼ਨਜ਼ ਵਲੋਂ ਪੇਸ਼ ਇਸ ਫ਼ਿਲਮ ਨੂੰ ਓਮਜੀ ਗਰੁੱਪ ਵਲੋਂ ਦੁਨੀਆ ਭਰ ’ਚ ਰਿਲੀਜ਼ ਕੀਤਾ ਜਾਵੇਗਾ।
ਗਿੱਪੀ ਗਰੇਵਾਲ ਨੇ ਆਪਣਾ ਉਤਸ਼ਾਹ ਸਾਂਝਾ ਕਰਦਿਆਂ ਕਿਹਾ ਕਿ ‘ਮੌਜਾਂ ਹੀ ਮੌਜਾਂ’ ਮੇਰੇ ਦਿਲ ਦੇ ਬਹੁਤ ਨੇੜੇ ਹੈ। ਇਹ ਫ਼ਿਲਮ ਇਕ ਮਿਊਜ਼ਿਕ ਤੇ ਕਾਮੇਡੀ ਭਰਪੂਰ ਹੈ, ਜੋ ਦਰਸ਼ਕਾਂ ਦਾ ਪੂਰਾ ਮਨੋਰੰਜਨ ਕਰੇਗੀ। ਨਿਰਮਾਤਾ ਅਮਰਦੀਪ ਗਰੇਵਾਲ ਨੇ ਆਪਣਾ ਉਤਸ਼ਾਹ ਸਾਂਝਾ ਕਰਦਿਆਂ ਕਿਹਾ ਕਿ ਅਸੀਂ ਪੂਰੀ ਲਗਨ ਤੇ ਮਿਹਨਤ ਨਾਲ ਫ਼ਿਲਮ ‘ਮੌਜਾਂ ਹੀ ਮੌਜਾਂ’ ਦਾ ਨਿਰਮਾਣ ਕੀਤਾ ਹੈ। ਇਹ ਪ੍ਰਾਜੈਕਟ ਮੇਰੇ ਦਿਲ ਦੇ ਬਹੁਤ ਨੇੜੇ ਹੈ। ਅਸੀਂ ਇਸ ਕਹਾਣੀ ਨੂੰ ਸਾਰਿਆਂ ਨਾਲ ਸਾਂਝਾ ਕਰਨ ਲਈ ਇੰਤਜ਼ਾਰ ਨਹੀਂ ਕਰ ਸਕਦੇ।