ਅੱਤਵਾਦੀ ਸੰਗਠਨ ਹਮਾਸ ਅਤੇ ਇਜ਼ਰਾਈਲ ਵਿਚਾਲੇ ਸੰਘਰਸ਼ ਜਾਰੀ ਹੈ। ਇਨ੍ਹਾਂ ਹਮਲਿਆਂ ‘ਚ ਹੁਣ ਤੱਕ ਕਰੀਬ 1600 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਮਾਸ ਦੇ ਹਮਲਿਆਂ ਤੋਂ ਬਾਅਦ ਕਈ ਦੇਸ਼ ਇਜ਼ਰਾਈਲ ਦੇ ਸਮਰਥਨ ‘ਚ ਸਾਹਮਣੇ ਆਏ ਹਨ। ਅਮਰੀਕਾ, ਬ੍ਰਿਟੇਨ, ਫਰਾਂਸ, ਜਰਮਨੀ, ਇਟਲੀ ਸਮੇਤ ਕਈ ਦੇਸ਼ਾਂ ਨੇ ਸੰਯੁਕਤ ਬਿਆਨ ਜਾਰੀ ਕਰਕੇ ਹਮਾਸ ਦੇ ਹਮਲਿਆਂ ਦੀ ਨਿੰਦਾ ਕੀਤੀ ਹੈ।
ਵ੍ਹਾਈਟ ਹਾਊਸ ਨੇ ਕਿਹਾ ਕਿ ਅੱਜ ਅਸੀਂ ਫਰਾਂਸ ਦੇ ਰਾਸ਼ਟਰਪਤੀ ਮੈਕਰੋਨ, ਜਰਮਨੀ ਦੇ ਚਾਂਸਲਰ ਸ਼ੋਲਜ਼, ਇਟਲੀ ਦੇ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ, ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਅਤੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਇਜ਼ਰਾਈਲ ਲਈ ਆਪਣਾ ਸਮਰਥਨ ਪ੍ਰਗਟ ਕਰਦੇ ਹਾਂ। ਵੱਖਰੇ ਤੌਰ ‘ਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਇਕ ਟਵੀਟ ਕਰਦਿਆਂ ਵੀ ਹਮਾਸ ਦੇ ਹਮਲੇ ਦਾ ਵਿਰੋਧ ਕੀਤਾ ਹੈ।
ਸੰਯੁਕਤ ਬਿਆਨ ਵਿੱਚ ਹਮਾਸ ਅਤੇ ਇਸ ਦੇ ਦਹਿਸ਼ਤਗਰਦੀ ਦੀਆਂ ਭਿਆਨਕ ਕਾਰਵਾਈਆਂ ਦੀ ਨਿੰਦਾ ਕੀਤੀ ਗਈ ਹੈ। ਨਾਲ ਹੀ ਕਿਹਾ ਗਿਆ ਕਿ ਅਸੀਂ ਇਹ ਸਪੱਸ਼ਟ ਕਰਦੇ ਹਾਂ ਕਿ ਹਮਾਸ ਦੀਆਂ ਅੱਤਵਾਦੀ ਕਾਰਵਾਈਆਂ ਦਾ ਜਾਇਜ਼ ਨਹੀਂ ਹਨ, ਇਹਨਾਂ ਨੂੰ ਕਾਨੂੰਨੀ ਤੌਰ ‘ਤੇ ਸਹੀ ਨਹੀਂ ਠਹਿਰਾਇਆ ਜਾ ਸਕਦਾ ਅਤੇ ਵਿਸ਼ਵਵਿਆਪੀ ਤੌਰ ‘ਤੇ ਇਸ ਦੀ ਨਿੰਦਾ ਕੀਤੀ ਜਾਣੀ ਚਾਹੀਦੀ ਹੈ।ਵ੍ਹਾਈਟ ਹਾਊਸ ਨੇ ਕਿਹਾ ਕਿ ਅੱਤਵਾਦ ਨੂੰ ਕਦੇ ਵੀ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਅਜੋਕੇ ਸਮੇਂ ਵਿੱਚ ਦੁਨੀਆਂ ਨੇ ਦੇਖਿਆ ਹੈ ਕਿ ਕਿਸ ਤਰ੍ਹਾਂ ਹਮਾਸ ਨੇ ਦਹਿਸ਼ਤ ਫੈਲਾਈ ਹੈ।
ਹਮਾਸ ਦੇ ਮੈਂਬਰਾਂ ਨੇ ਪਰਿਵਾਰਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਮਾਰ ਦਿੱਤਾ, ਇੱਕ ਸੰਗੀਤ ਸਮਾਰੋਹ ਦਾ ਆਨੰਦ ਮਾਣ ਰਹੇ 200 ਤੋਂ ਵੱਧ ਨੌਜਵਾਨਾਂ ਨੂੰ ਮਾਰ ਦਿੱਤਾ। ਇੰਨਾ ਹੀ ਨਹੀਂ ਬਜ਼ੁਰਗ ਔਰਤਾਂ, ਬੱਚਿਆਂ ਅਤੇ ਪੂਰੇ ਪਰਿਵਾਰ ਨੂੰ ਅਗਵਾ ਕਰਕੇ ਬੰਧਕ ਬਣਾ ਲਿਆ ਗਿਆ। ਜ਼ਿਕਰਯੋਗ ਹੈ ਕਿ ਇਜ਼ਰਾਈਲ ‘ਤੇ ਅੱਤਵਾਦੀ ਸੰਗਠਨ ਹਮਾਸ ਦੇ ਹਮਲੇ ਨੇ ਦੁਨੀਆ ਭਰ ‘ਚ ਹਲਚਲ ਮਚਾ ਦਿੱਤੀ ਹੈ। ਹਮਾਸ ਦੇ ਹਮਲੇ ਨੂੰ ਲੈ ਕੇ ਜਿੱਥੇ ਪੱਛਮੀ ਦੇਸ਼ਾਂ ਨੇ ਇਜ਼ਰਾਈਲ ਦਾ ਸਮਰਥਨ ਕੀਤਾ ਹੈ, ਉੱਥੇ ਪੱਛਮੀ ਏਸ਼ੀਆ ਦੇ ਇਸਲਾਮਿਕ ਦੇਸ਼ ਫਲਸਤੀਨ ਦੇ ਸਮਰਥਨ ‘ਚ ਇਕੱਠੇ ਖੜ੍ਹੇ ਹਨ।