ਕੈਨੇਡਾ ਦੀ ਵਿਦੇਸ਼ ਮੰਤਰੀ ਮੈਲੇਨੀ ਜੋਲੀ ਨੇ ਵੀਰਵਾਰ ਨੂੰ ਪੁਸ਼ਟੀ ਕੀਤੀ ਕਿ ਭਾਰਤ ਵੱਲੋਂ ਡਿਪਲੋਮੈਟਾਂ ਦੀ ਕੂਟਨੀਤਕ ਛੋਟ ਵਾਪਸ ਲੈਣ ਦੀ ਧਮਕੀ ਤੋਂ ਬਾਅਦ 41 ਕੈਨੇਡੀਅਨ ਡਿਪਲੋਮੈਟਾਂ ਨੇ ਭਾਰਤ ਛੱਡ ਦਿੱਤਾ ਹੈ। ਵੱਡੀ ਗਿਣਤੀ ਵਿਚ ਕੈਨੇਡੀਅਨ ਡਿਪਲੋਮੈਟ ਰਾਤੋ ਰਾਤ ਭਾਰਤ ਤੋਂ ਰਵਾਨਾ ਹੋ ਗਏ ਹਨ। ਭਾਰਤ ਵੱਲੋਂ ਦੋਵੇਂ ਮੁਲਕਾਂ ਦਰਮਿਆਨ ਡਿਪਲੋਮੈਟਿਕ ਮੌਜੂਦਗੀ ਦੀ ਸੰਖਿਆ ਬਰਾਬਰ ਕਰਨ ਦੀ ਮੰਗ ਕਰਨ ਤੋਂ ਬਾਅਦ ਦੋਵਾਂ ਦੇਸ਼ਾਂ ਦਰਮਿਆਨ ਦੋ ਹਫ਼ਤੇ ਤੱਕ ਹੋਏ ਵਿਚਾਰ-ਵਟਾਂਦਰੇ ਮਗਰੋਂ ਡਿਪਲੋਮੈਟਾਂ ਦੀ ਰਵਾਨਗੀ ਹੋਈ।
ਇਹ ਮੰਗ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੁਆਰਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ, ਬੀਸੀ ਦੇ ਸਰੀ ਸ਼ਹਿਰ ਵਿਚ ਜੂਨ ਵਿਚ ਮਾਰੇ ਗਏ ਇੱਕ ਕੈਨੇਡੀਅਨ ਨਾਗਰਿਕ, ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਭਾਰਤੀ ਏਜੰਟਾਂ ਦੇ ਸ਼ਾਮਲ ਹੋਣ ਦੇ ਦੋਸ਼ਾਂ ਪ੍ਰਤੀ ਗੁੱਸੇ ਵਿੱਚ ਆਏ ਪ੍ਰਤੀਕਰਮ ਦਾ ਹਿੱਸਾ ਸੀ। ਭਾਰਤ ਨੇ ਦਾਅਵਾ ਕੀਤਾ ਸੀ ਕਿ ਕੈਨੇਡਾ ਵਿਚ ਉਸਦੇ ਸਿਰਫ਼ 21 ਮਾਨਤਾ ਪ੍ਰਾਪਤ ਡਿਪਲੋਮੈਟ ਹਨ, ਜਦਕਿ ਕੈਨੇਡਾ ਦੇ ਭਾਰਤ ਵਿਚ 61 ਡਿਪਲੋਮੈਟ ਹਨ, ਜੋ ਨਵੀਂ ਦਿੱਲੀ ਦੇ ਹਾਈ ਕਮੀਸ਼ਨ ਅਤੇ ਮੁੰਬਈ, ਚੰਡੀਗੜ੍ਹ, ਬੇਂਗਲੂਰੂ ਅਤੇ ਕੋਲਕਾਤਾ ਦੇ ਚਾਰ ਕਾਂਸੁਲੇਟਾਂ ਵਿਚ ਤੈਨਾਤ ਹਨ।
ਭਾਰਤ ਨੇ ਕੈਨੇਡਾ ਨੂੰ 41 ਡਿਪਲੋਮੈਟਾਂ ਨੂੰ ਵਾਪਸ ਬੁਲਾਉਣ ਲਈ 10 ਅਕਤੂਬਰ ਤੱਕ ਦਾ ਸਮਾਂ ਦਿੱਤਾ ਸੀ ਅਤੇ ਇਸ ਮਿਤੀ ਤੋਂ ਬਾਅਦ ਵੀ ਭਾਰਤ ਵਿਚ ਰਹਿ ਜਾਣ ਵਾਲੇ ਕੈਨੇਡੀਅਨ ਡਿਪਲੋਮੈਟਸ ਨੂੰ ਮਿਲਣ ਵਾਲੀ ਵਿਸ਼ੇਸ਼ ਛੋਟ ਰੱਦ ਕਰਨ ਦੀ ਧਮਕੀ ਦਿੱਤੀ ਸੀ। ਕੈਨੇਡਾ ਭਾਰਤ ਨਾਲ ਵਿਚਾਰ-ਵਟਾਂਦਰੇ ਵਿੱਚ ਸੀ, ਪਰ ਕੈਨੇਡਾ ਨੇ ਭਾਰਤ ਦੀ ਮੰਗ ਦੀ ਪਾਲਣਾ ਕੀਤੇ ਬਿਨਾਂ ਸਮਾਂ ਸੀਮਾ ਲੰਘਣ ਦਿੱਤੀ। ਹੁਣ ਇਸ ਗੱਲਬਾਤ ਨੂੰ ਵਿਰਾਮ ਲੱਗਿਆ ਪ੍ਰਤੀਤ ਹੋ ਰਿਹਾ ਹੈ।
ਕੈਨੇਡੀਅਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਭਾਰਤ ਵੱਲੋਂ ਡਿਪਲੋਮੈਟਿਕ ਮੌਜੂਦਗੀ ਦਾ ਅੰਕਗਣਿਤ ਡਿਪਲੋਮੈਟਿਕ ਮਿਸ਼ਨਾਂ ਦੇ ਅਕਾਰ ਦੀ ਸਹੀ ਤਸਵੀਰ ਨਹੀਂ ਦਰਸਾਉਂਦਾ। ਕੈਨੇਡਾ ਵਿੱਚ ਸਿਰਫ਼ 21 ਮਾਨਤਾ ਪ੍ਰਾਪਤ ਡਿਪਲੋਮੈਟ ਹੋਣ ਦਾ ਭਾਰਤ ਦਾ ਦਾਅਵਾ ਕੈਨੇਡਾ ਵਿੱਚ ਮਾਨਤਾ ਪ੍ਰਾਪਤ ਵਿਦੇਸ਼ੀ ਨੁਮਾਇੰਦਿਆਂ ਦੀ ਰਜਿਸਟਰੀ ਨਾਲ ਮੇਲ ਨਹੀਂ ਖਾਂਦਾ ਲੱਗਦਾ ਕਿਉਂਕਿ ਇਸ ਰਜਿਸਟਰੀ ਦੇ ਹਿਸਾਬ ਨਾਲ ਭਾਰਤ ਦੇ ਕੈਨੇਡਾ ਵਿਚ 60 ਨੁਮਾਇੰਦੇ ਹਨ।
ਜੋਲੀ ਨੇ ਸਪਸ਼ਟ ਕੀਤਾ ਹੈ ਕਿ ਕੈਨੇਡਾ ਭਾਰਤ ਦੇ ਇਸ ਕਦਮ ਦੀ ਕੋਈ ਜਵਾਬੀ ਕਾਰਵਾਈ ਨਹੀਂ ਕਰੇਗਾ। ਸਾਬਕਾ ਕੈਨੇਡੀਅਨ ਡਿਪਲੋਮੈਟ, ਜੈਫ਼ ਨੈਨਕੀਵੈਲ ਨੇ ਕਿਹਾ ਭਾਰਤ ਅਤੇ ਕੈਨੇਡਾ ਦਰਮਿਆਨ ਮੌਜੂਦਾ ਸਬੰਧ ਭਾਰਤ ਵਿਚ ਡਿਪਲੋਮੈਟਿਕ ਸੰਚਾਲਨ ਨੂੰ ਕਾਫ਼ੀ ਪ੍ਰਭਾਵਿਤ ਕਰਨਗੇ। ਉਨ੍ਹਾਂ ਕਿਹਾ ਕਿ ਕੈਨੇਡਾ ਨੂੰ ਭਾਰਤ ਤੋਂ ਵੱਡੀ ਮਾਤਰਾ ਵਿਚ ਵੀਜ਼ਾ ਅਰਜ਼ੀਆਂ ਸੰਭਾਲਣ ਲਈ ਭਾਰਤ ਵਿੱਚ ਵੱਡੇ ਕੌਂਸਲਰ ਸੰਚਾਲਨਾਂ ਦੀ ਲੋੜ ਹੈ ਕਿਉਂਕਿ ਭਾਰਤ ਕੈਨੇਡਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਸਮੁੱਚੇ ਤੌਰ ‘ਤੇ ਕੈਨੇਡਾ ਵਿੱਚ ਪ੍ਰਵਾਸੀਆਂ ਲਈ ਪ੍ਰਮੁੱਖ ਸਰੋਤ ਦੇਸ਼ ਹੈ।