ਓਨਟੇਰੀਓ ਸਰਕਾਰ ਗੈਸ ਟੈਕਸ ਵਿਚ ਕੀਤੀ ਅਸਥਾਈ ਕਟੌਤੀ ਨੂੰ ਅਗਲੀ ਗਰਮੀਆਂ ਤੱਕ ਜਾਰੀ ਰੱਖ ਰਹੀ ਹੈ, ਤਾਂ ਕਿ ਗੈਸ ਪਵਾਉਣ ਗਏ ਡਰਾਈਵਰਾਂ ਦੀਆਂ ਜੇਬਾਂ ਵਿਚ ਕੁਝ ਬਚਤ ਹੋ ਸਕੇ। ਜੇਕਰ ਕਾਨੂੰਨ ਪਾਸ ਹੋ ਜਾਂਦਾ ਹੈ, ਤਾਂ ਗੈਸ ਅਤੇ ਫ਼ਿਊਲ ਦੋਵਾਂ ਦੀਆਂ ਕੀਮਤਾਂ ਵਿੱਚ ਕਟੌਤੀ ਕਰਨ ਵਾਲੀ ਟੈਕਸ ਛੋਟ ਜੂਨ 2024 ਤੱਕ ਬਰਕਰਾਰ ਰਹੇਗੀ।
ਈਟੋਬੀਕੋ ਦੇ ਇੱਕ ਗੈਸ ਸਟੇਸ਼ਨ ਤੋਂ ਬੋਲਦਿਆਂ ਪ੍ਰੀਮੀਅਰ ਡਗ ਫ਼ੋਰਡ ਨੇ ਕਿਹਾ ਕਿ ਵੱਡੀ ਗਿਣਤੀ ਵਿਚ ਲੋਕ ਇਸ ਸਮੇਂ ਜੂਝ ਰਹੇ ਹਨ। ਪ੍ਰੀਮੀਅਰ ਨੇ ਕਿਹਾ, ਉਹ ਗੈਸ ਅਤੇ ਗ੍ਰੋਸਰੀ ਦੀਆਂ ਵਧਦੀਆਂ ਲਾਗਤਾਂ, ਮਹਿੰਗੇ ਕਿਰਾਇਆਂ ਅਤੇ ਮੌਰਗੇਜ ਲਾਗਤਾਂ ਤੋਂ ਜੂਝ ਰਹੇ ਹਨ, ਜੀਵਨ ਬਤੀਤ ਕਰਨਾ ਕਿੰਨਾ ਮਹਿੰਗਾ ਹੁੰਦਾ ਜਾ ਰਿਹੈ। ਸੂਬੇ ਦਾ ਅੰਦਾਜ਼ਾ ਹੈ ਕਿ ਟੈਕਸ ਛੋਟਾਂ ਨਾਲ ਕੀਮਤਾਂ ਵਿੱਚ ਕਟੌਤੀ ਦੀ ਪੂਰੀ ਮਿਆਦ ਦੌਰਾਨ ਇੱਕ ਪਰਿਵਾਰ ਨੂੰ ਔਸਤਨ $260 ਦੀ ਬੱਚਤ ਹੋਵੇਗੀ।
ਜੁਲਾਈ 2022 ਤੋਂ ਲਾਗੂ 5.7 ਸੈਂਟਸ ਪ੍ਰਤੀ ਲੀਟਰ ਦੀ ਕਟੌਤੀ ਦੀ ਮਿਆਦ ਦੂਸਰੀ ਵਾਰੀ ਵਧਾਈ ਗਈ ਹੈ। ਸ਼ੁਰੂਆਤ ਵਿਚ ਇਸ ਕਟੌਤੀ ਦੇ ਇਸ ਸਾਲ ਦਸੰਬਰ ਵਿਚ ਮਿਆਦ ਪੂਰੀ ਹੋਣੀ ਨਿਰਧਾਰਿਤ ਸੀ, ਪਰ ਹੁਣ ਇਹ 30 ਜੂਨ 2024 ਤੱਕ ਲਾਗੂ ਰਹੇਗੀ। ਇਸ ਮਿਆਦ ਵਾਧੇ ਤਹਿਤ ਡੀਜ਼ਲ ਫ਼ਿਊਲ ਦੀ ਕੀਮਤ ਵਿਚ 5.3 ਸੈਂਟਸ ਪ੍ਰਤੀ ਲੀਟਰ ਦੀ ਕਟੌਤੀ ਵੀ ਕਾਇਮ ਰਹੇਗੀ।