ਬੁੱਧਵਾਰ ਨੂੰ ਬੈਂਕ ਔਫ਼ ਕੈਨੇਡਾ ਨੇ ਵਿਆਜ ਦਰਾਂ ਵਿਚ ਕੋਈ ਵਾਧਾ ਨਾ ਕਰਦਿਆਂ ਬੈਂਕ ਦੀਆਂ ਵਿਆਜ ਦਰਾਂ 4.5% ‘ਤੇ ਬਰਕਰਾਰ ਰੱਖੀਆਂ ਹਨ। ਇਹ ਲਗਾਤਾਰ ਦੂਸਰਾ ਮਹੀਨਾ ਹੈ ਜਦੋਂ ਬੈਂਕ ਨੇ ਵਿਆਜ ਦਰਾਂ ਵਿਚ ਇਜ਼ਾਫ਼ਾ ਨਹੀਂ ਕੀਤਾ ਹੈ। ਮਾਰਚ ਮਹੀਨੇ ਬੈਂਕ ਔਫ਼ ਕੈਨੇਡਾ ਨੇ ਇੱਕ ਸਾਲ ਦੇ ਵਕਫ਼ੇ ਵਿਚ ਪਹਿਲੀ ਵਾਰੀ ਵਿਆਜ ਦਰਾਂ ਵਿਚ ਵਾਧਾ ਨਹੀਂ ਕੀਤਾ ਸੀ।
ਫ਼ਰਵਰੀ ਮਹੀਨੇ ਮਹਿੰਗਾਈ ਦਰ 5.2% ਦਰਜ ਕੀਤੀ ਗਈ ਸੀ, ਜੋਕਿ ਲਗਾਤਾਰ ਦੂਸਰਾ ਮਹੀਨਾ ਸੀ ਜਦੋਂ ਮਹਿੰਗਾਈ ਦਰ ਅਨੁਮਾਨ ਨਾਲੋਂ ਹੇਠਾਂ ਦਰਜ ਹੋਈ ਸੀ। ਬੈਂਕ ਨੇ ਪਿਛਲੀ ਪੌਲਿਸੀ ਮੀਟਿੰਗ ਵਿਚ ਸੰਕੇਤ ਦਿੱਤੇ ਸਨ ਕਿ ਉਹ ਹੁਣ ਵਿਆਜ ਦਰਾਂ ਵਿਚ ਵਾਧੇ ਦੇ ਸਿਲਸਿਲੇ ‘ਤੇ ਵਿਰਾਮ ਲਗਾਉਣ ਦੀ ਤਿਆਰੀ ਵਿਚ ਹੈ। ਬੈਂਕ ਨੇ ਕਿਹਾ ਕਿ ਇਸ ਸਾਲ ਦੇ ਮੱਧ ਤੱਕ ਮਹਿੰਗਾਈ ਦਰ 3 ਫ਼ੀਸਦੀ ਦੇ ਪੱਧਰ ‘ਤੇ ਆਉਣ ਦਾ ਅਨੁਮਾਨ ਹੈ ਅਤੇ ਅਗਲੇ ਸਾਲ ਦੇ ਅਖ਼ੀਰ ਤੱਕ ਮਹਿੰਗਾਈ ਦਰ 2 ਫ਼ੀਸਦੀ ‘ਤੇ ਪਹੁੰਚ ਜਾਵੇਗੀ।