ਅਮਰੀਕਾ ਦੀ ਅਬਾਦੀ ਨੂੰ ਲੈ ਕੇ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਕ ਇਸ ਸਾਲ ਅਕਤੂਬਰ ਮਹੀਨੇ ਤੱਕ ਦੇਸ਼ ‘ਚ ਕਾਨੂੰਨੀ ਅਤੇ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਹੇ ਵਿਦੇਸ਼ੀ ਨਾਗਰਿਕਾਂ ਦੀ ਗਿਣਤੀ 5 ਕਰੋੜ ਦੇ ਕਰੀਬ ਪਹੁੰਚ ਗਈ ਹੈ। ਇਸ ਅੰਕੜੇ ‘ਚ ਜੋ ਬਾਈਡਨ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ 45 ਲੱਖ ਦਾ ਵਾਧਾ ਹੋਇਆ ਹੈ। ਹੁਣ ਦੇਸ਼ ‘ਚ ਵਿਦੇਸ਼ੀ ਨਾਗਰਿਕਾਂ ਦੀ ਗਿਣਤੀ ਦੇਸ਼ ਦੀ ਕੁੱਲ ਆਬਾਦੀ ਦਾ 15 ਫ਼ੀਸਦੀ ਹਿੱਸਾ ਹੈ।
ਬਾਈਡਨ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਹਰ ਮਹੀਨੇ ਔਸਤਨ 1,37,000 ਦੇ ਹਿਸਾਬ ਨਾਲ ਦੇਸ਼ ‘ਚ ਵਿਦੇਸ਼ੀ ਨਾਗਰਿਕਾਂ ਦੀ ਆਬਾਦੀ ਵਧੀ ਹੈ, ਜਦਕਿ ਟਰੰਪ ਦੇ ਕਾਰਜਕਾਲ ਸਮੇਂ ਇਹ ਅੰਕੜਾ 42,000 ਦੇ ਕਰੀਬ ਸੀ। ਇਸ ਵਧਦੀ ਹੋਈ ਆਬਾਦੀ ‘ਚ 75 ਫ਼ੀਸਦੀ ਹਿੱਸਾ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ ਵਿਦੇਸ਼ੀ ਨਾਗਰਿਕਾਂ ਦਾ ਹੈ।
ਆਬਾਦੀ ‘ਚ ਸਭ ਤੋਂ ਵੱਡਾ ਹਿੱਸਾ ਦੱਖਣੀ ਅਮਰੀਕਾ, ਸੈਂਟਰਲ ਅਮਰੀਕਾ, ਕੈਰੇਬੀਅਨ ਖੇਤਰ ਅਤੇ ਮਿਡਲ ਈਸਟ ਤੋਂ ਆਏ ਹੋਏ ਵਿਦੇਸ਼ੀ ਨਾਗਰਿਕਾਂ ਦਾ ਹੈ। ਦੱਖਣੀ ਅਮਰੀਕਾ ਤੋਂ ਆਏ ਵਿਦੇਸ਼ੀ ਨਾਗਰਿਕਾਂ ਦੀ ਗਿਣਤੀ ਸਾਲ 2021 ਤੋਂ ਬਾਅਦ 29 ਲੱਖ ਤੱਕ ਵਧੀ ਹੈ।