ਦੁਨੀਆ ਦੀ ਆਬਾਦੀ ਵਿਚ ਪਿਛਲੇ ਸਾਲ 7 ਕਰੋੜ 50 ਲੱਖ ਦਾ ਵਾਧਾ ਹੋਇਆ ਅਤੇ ਨਵੇਂ ਸਾਲ ਵਾਲੇ ਦਿਨ ਕੁੱਲ ਵਿਸ਼ਵ ਆਬਾਦੀ 8 ਅਰਬ ਤੋਂ ਵੱਧ ਹੋਣ ਦੀ ਸੰਭਾਵਨਾ ਹੈ। ਅਮਰੀਕੀ ਜਨਗਣਨਾ ਬਿਊਰੋ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ‘ਚ ਇਹ ਜਾਣਕਾਰੀ ਦਿੱਤੀ ਗਈ। ਜਨਗਣਨਾ ਬਿਊਰੋ ਦੇ ਅੰਕੜਿਆਂ ਅਨੁਸਾਰ ਪਿਛਲੇ ਸਾਲ ਦੁਨੀਆ ਭਰ ਵਿੱਚ ਆਬਾਦੀ ਵਾਧੇ ਦੀ ਦਰ ਇੱਕ ਫੀਸਦੀ ਤੋਂ ਵੀ ਘੱਟ ਸੀ।
2024 ਦੀ ਸ਼ੁਰੂਆਤ ਵਿਚ ਦੁਨੀਆ ਭਰ ਵਿੱਚ ਹਰ ਸਕਿੰਟ ਵਿੱਚ 4.3 ਲੋਕ ਪੈਦਾ ਹੋਣ ਅਤੇ ਦੋ ਲੋਕਾਂ ਦੀ ਮੌਤ ਹੋ ਜਾਣ ਦਾ ਅਨੁਮਾਨ ਹੈ। ਅਮਰੀਕਾ ਦੀ ਜਨਸੰਖਿਆ ਵਾਧਾ ਦਰ ਪਿਛਲੇ ਸਾਲ 0.53 ਫੀਸਦੀ ਸੀ, ਜੋ ਦੁਨੀਆ ਭਰ ਦੀ ਵਿਕਾਸ ਦਰ ਦਾ ਅੱਧਾ ਹੈ। ਅਮਰੀਕਾ ਦੀ ਆਬਾਦੀ ਇਸ ਸਾਲ 17 ਲੱਖ ਵਧੀ ਹੈ ਅਤੇ ਨਵੇਂ ਸਾਲ ‘ਤੇ ਇਸ ਦੀ ਕੁੱਲ ਆਬਾਦੀ 33 ਕਰੋੜ 58 ਲੱਖ ਹੋ ਜਾਵੇਗੀ।
ਬਰੁਕਿੰਗਜ਼ ਇੰਸਟੀਚਿਊਟ ਦੇ ਇੱਕ ਜਨਸੰਖਿਆ ਵਿਗਿਆਨੀ ਵਿਲੀਅਮ ਫਰੇ ਨੇ ਕਿਹਾ ਕਿ ਜੇਕਰ ਆਬਾਦੀ ਵਾਧੇ ਦੀ ਮੌਜੂਦਾ ਰਫ਼ਤਾਰ ਇਸ ਦਹਾਕੇ ਦੇ ਅੰਤ ਤੱਕ ਜਾਰੀ ਰਹਿੰਦੀ ਹੈ, ਤਾਂ 2020 ਦਾ ਦਹਾਕਾ ਆਬਾਦੀ ਵਾਧੇ ਦੇ ਮਾਮਲੇ ਵਿੱਚ ਅਮਰੀਕੀ ਇਤਿਹਾਸ ਦਾ ਸਭ ਤੋਂ ਹੌਲੀ ਦਹਾਕਾ ਹੋ ਸਕਦਾ ਹੈ। 2020 ਤੋਂ 2030 ਤੱਕ 10 ਸਾਲ ਦੀ ਮਿਆਦ ਵਿਚ ਵਿਕਾਸ ਦਰ ਚਾਰ ਫੀਸਦੀ ਤੋਂ ਘੱਟ ਰਹਿ ਸਕਦੀ ਹੈ।