ਵਿਟਾਮਿਨ ਸੀ ਨਾਲ ਭਰਪੂਰ ਸੰਤਰਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਨੂੰ ਖਾਣ ਨਾਲ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ, ਜਿਸ ਨਾਲ ਤੁਸੀ ਕਈ ਬਿਮਾਰੀਆਂ ਤੋਂ ਬਚ ਸਕਦੇ ਹੋ ਪਰ ਕੀ ਤੁਸੀਂ ਜਾਣਦੇ ਹੋ, ਇਸ ਦਾ ਛਿਲਕਾ ਵੀ ਕਈ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ, ਇਸ ਲਈ ਸੰਤਰੇ ਨੂੰ ਖਾਣ ਤੋਂ ਬਾਅਦ ਇਸ ਦੇ ਛਿਲਕਿਆਂ ਨੂੰ ਕਦੇ ਵੀ ਨਾ ਸੁੱਟੋ। ਇਨ੍ਹਾਂ ਤੋਂ ਕਈ ਪਕਵਾਨ ਬਣਾਏ ਜਾ ਸਕਦੇ ਹਨ। ਆਓ ਜਾਣਦੇ ਹਾਂ ਭੋਜਨ ‘ਚ ਸੰਤਰੇ ਦੇ ਛਿਲਕਿਆਂ ਦੀ ਵਰਤੋਂ ਕਿਵੇਂ ਕਰੀਏ:-
ਸੰਤਰੇ ਦੇ ਛਿਲਕੇ ਦੀ ਚਾਹ
ਡੇਢ ਕੱਪ ਪਾਣੀ ‘ਚ ਅੱਧੇ ਸੰਤਰੇ ਦੇ ਛਿਲਕੇ ਨੂੰ ਪਾਓ ਅਤੇ ਫਿਰ ਅੱਧਾ ਇੰਚ ਦਾਲਚੀਨੀ, ਤਿੰਨ ਲੌਂਗ, ਦੋ ਛੋਟੀਆਂ ਇਲਾਇਚੀ, ਅੱਧਾ ਚੱਮਚ ਗੁੜ ਪਾ ਕੇ ਦਸ ਮਿੰਟ ਤੱਕ ਚੰਗੀ ਤਰ੍ਹਾਂ ਉਬਾਲੋ ਅਤੇ ਫਿਰ ਛਾਣ ਕੇ ਪੀਓ। ਇਹ ਬਹੁਤ ਹੀ ਸਵਾਦਿਸ਼ਟ ਅਤੇ ਸਿਹਤਮੰਦ ਸਾਬਤ ਹੋ ਸਕਦਾ ਹੈ।
ਸੰਤਰੇ ਦੇ ਛਿਲਕੇ ਦਾ ਅਚਾਰ
ਪਿਆਜ਼ ਅਤੇ ਸੰਤਰੇ ਦੇ ਛਿਲਕਿਆਂ ਨੂੰ ਪਤਲੇ, ਲੰਬੇ ਆਕਾਰ ਵਿਚ ਕੱਟ ਕੇ ਧੋ ਲਓ। ਹੁਣ ਲਸਣ ਦੀਆਂ ਕਲੀਆਂ ਨੂੰ ਵੱਖ-ਵੱਖ ਕਰਕੇ ਛਿੱਲ ਲਓ ਅਤੇ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਥੋੜ੍ਹੀ ਦੇਰ ਲਈ ਸੁੱਕਣ ਦਿਓ ਅਤੇ ਫਿਰ ਇਕ ਵੱਡੇ ਕਟੋਰੇ ਵਿਚ ਰੱਖ ਦਿਓ। ਇਕ ਪੈਨ ਵਿਚ ਤੇਲ ਗਰਮ ਕਰੋ ਅਤੇ ਫਿਰ ਇਸ ਵਿਚ ਹਿੰਗ, ਸਰ੍ਹੋਂ, ਮੇਥੀ ਪਾਊਡਰ, ਕਾਲੀ ਮਿਰਚ ਪਾਊਡਰ, ਧਨੀਆ ਪਾਊਡਰ, ਹਲਦੀ ਪਾਊਡਰ ਅਤੇ ਕਰੀ ਪੱਤੇ ਪਾ ਕੇ ਚੰਗੀ ਤਰ੍ਹਾਂ ਮਿਲਾਓ। ਜਦੋਂ ਇਸ ‘ਚੋਂ ਹਲਕੀ ਖੁਸ਼ਬੂ ਆਉਣ ਲੱਗੇ ਤਾਂ ਇਸ ਨੂੰ ਕਟੋਰੇ ‘ਚ ਰੱਖੇ ਪਿਆਜ਼, ਲਸਣ ਅਤੇ ਸੰਤਰੇ ਦੇ ਛਿਲਕੇ ਪਾ ਦਿਓ ਅਤੇ ਹੁਣ ਇਸ ‘ਚ ਨਿੰਬੂ ਦਾ ਰਸ, ਸਰ੍ਹੋਂ ਦਾ ਤੇਲ, ਸਵਾਦ ਮੁਤਾਬਕ ਨਮਕ ਪਾਓ, ਫਿਰ ਇਨ੍ਹਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾਓ ਅਤੇ ਫਿਰ ਸ਼ੀਸ਼ੀ ‘ਚ ਰੱਖ ਲਓ। ਤੁਹਾਡਾ ਸੰਤਰੇ ਦੇ ਛਿਲਕਿਆਂ ਦਾ ਅਚਾਰ ਪੰਦਰਾਂ ਦਿਨਾਂ ਬਾਅਦ ਤਿਆਰ ਹੋ ਜਾਵੇਗਾ।
ਸੰਤਰੇ ਦੇ ਛਿਲਕੇ ਨਾਲ ਬਣਾਓ ਕੇਕ
ਸਭ ਤੋਂ ਪਹਿਲਾਂ ਸੰਤਰੇ ਦੇ ਛਿਲਕੇ ਨਾਲ ਥੋੜੀ ਸੌਗੀ ਨੂੰ ਪੀਸ ਕੇ ਇਕ ਜਗ੍ਹਾ ‘ਤੇ ਰੱਖੋ। ਹੁਣ ਇੱਕ ਕਟੋਰੀ ਵਿੱਚ ਮੱਖਣ, ਚੀਨੀ ਅਤੇ ਕਰੀਮ ਨੂੰ ਚੰਗੀ ਤਰ੍ਹਾਂ ਮਿਲਾਓ। ਇਸ ਤੋਂ ਬਾਅਦ ਇਕ ਹੋਰ ਵੱਡੇ ਕਟੋਰੇ ਵਿਚ ਆਟਾ, ਬੇਕਿੰਗ ਸੋਡਾ ਮਿਲਾਓ। ਹੁਣ ਇਸ ‘ਚ ਮੱਖਣ, ਚੀਨੀ ਅਤੇ ਕਰੀਮ ਨੂੰ ਮਿਲਾ ਕੇ ਕੁਝ ਦੇਰ ਤੱਕ ਚੰਗੀ ਤਰ੍ਹਾਂ ਨਾਲ ਮਿਕਸ ਕਰੋ ਅਤੇ ਫਿਰ ਪੀਸੇ ਹੋਏ ਸੰਤਰੇ ਦੇ ਛਿਲਕੇ, ਕਿਸ਼ਮਿਸ਼, ਅਖਰੋਟ ਅਤੇ ਬਦਾਮ ਪਾ ਕੇ ਚੰਗੀ ਤਰ੍ਹਾਂ ਮਿਲਾਓ ਅਤੇ ਫਿਰ ਇਸ ਨੂੰ ਤੇਲ ਲਗਾਏ ਬੈਕਿੰਗ ਪੈਨ ‘ਚ ਪਾ ਕੇ 40 ਤੋਂ 50 ਮਿੰਟ ਤੱਕ ਪਕਾਓ। ਸੰਤਰੇ ਦੇ ਛਿਲਕੇ ਦਾ ਕੇਕ ਤਿਆਰ ਹੈ।