ਕਾਬੁਲ: ਅਫਗਾਨਿਸਤਾਨ ਵਿੱਚ ਰਹਿ ਰਹੇ ਸਿੱਖਾਂ ਦੀ ਹਾਲਤ ਦਿਨੋ ਦਿਨ ਵਿਗੜਦੀ ਜਾ ਰਹੀ ਹੈ। ਹੁਣ ਉਨ੍ਹਾਂ ਕੋਲ ਅਮਲੀ ਤੌਰ ‘ਤੇ ਸਿਰਫ ਦੋ ਹੀ ਵਿਕਲਪ ਹਨ, ਜਾਂ ਤਾਂ ਇਸਲਾਮ ਕਬੂਲ ਕਰਨਾ ਜਾਂ ਦੇਸ਼ ਛੱਡਣਾ। ਇੰਟਰਨੈਸ਼ਨਲ ਫੋਰਮ ਫਾਰ ਰਾਈਟਸ ਐਂਡ ਸਕਿਓਰਿਟੀ ਦੀ ਰਿਪੋਰਟ ਵਿੱਚ ਇਹ ਗੱਲ ਕਹੀ ਗਈ ਹੈ। ਅਫਗਾਨਿਸਤਾਨ ਵਿੱਚ ਅਸ਼ਰਫ ਗਨੀ ਦੀ ਸਰਕਾਰ ਦੇ ਡਿੱਗਣ ਤੋਂ ਬਾਅਦ ਸਿੱਖਾਂ ਦੀ ਹਾਲਤ ਬਹੁਤੀ ਚੰਗੀ ਨਹੀਂ ਸੀ ਪਰ ਹੁਣ ਸਥਿਤੀ ਹੋਰ ਵੀ ਬਦਤਰ ਹੈ।
ਰਿਪੋਰਟ ਦੇ ਅਨੁਸਾਰ, ਕੱਟੜਪੰਥੀਆਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਜਾਂ ਤਾਂ ਸਿੱਖ ਸੁੰਨੀ ਮੁਸਲਮਾਨ ਬਣ ਜਾਣਗੇ ਜਾਂ ਦੇਸ਼ ਛੱਡ ਦੇਣਗੇ। ਅਫਗਾਨਿਸਤਾਨ ਵਿਚ ਸਿੱਖਾਂ ਦੀ ਗਿਣਤੀ ਇਕ ਸਮੇਂ ਹਜ਼ਾਰਾਂ ਵਿਚ ਸੀ, ਪਰ ਹੌਲੀ-ਹੌਲੀ ਇਹ ਘਟਦੀ ਗਈ। ਇੱਥੇ ਉਨ੍ਹਾਂ ਨੂੰ ਵਿਤਕਰੇ ਅਤੇ ਧਾਰਮਿਕ ਹਿੰਸਾ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੇਸ਼ ਵਿਚ ਸਿੱਖਾਂ ਦੀ ਵੱਡੀ ਆਬਾਦੀ ਕਾਬੁਲ ਵਿਚ ਰਹਿੰਦੀ ਹੈ, ਜਦੋਂ ਕਿ ਕੁਝ ਗਜ਼ਨੀ ਅਤੇ ਨੰਗਰਹਾਰ ਸੂਬਿਆਂ ਵਿਚ ਵੀ ਰਹਿੰਦੇ ਹਨ।
5 ਅਕਤੂਬਰ ਨੂੰ 15 ਤੋਂ 20 ਕੱਟੜਪੰਥੀ ਗੁਰਦੁਆਰੇ ਅੰਦਰ ਦਾਖਲ ਹੋਏ ਅਤੇ ਪਹਿਰੇਦਾਰਾਂ ਨੂੰ ਬੰਨ੍ਹ ਦਿੱਤਾ। ਇਹ ਹਮਲਾ ਕਾਬੁਲ ਦੇ ਕਰਾਤ-ਏ-ਪਰਵਾਨ ਜ਼ਿਲ੍ਹੇ ਵਿੱਚ ਹੋਇਆ। ਅਫਗਾਨਿਸਤਾਨ ਵਿੱਚ ਸਿੱਖ ਅਕਸਰ ਅਜਿਹੇ ਹਮਲਿਆਂ ਅਤੇ ਹਿੰਸਾ ਦਾ ਸਾਹਮਣਾ ਕਰਦੇ ਹਨ।
ਤਾਲਿਬਾਨ ਵੱਲੋਂ ਸਿੱਖਾਂ ਨੂੰ ਡਰਾਉਣ ਦੇ ਮੁੱਦੇ ‘ਤੇ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਮੰਤਰੀ ਦਲਜੀਤ ਸਿੰਘ ਚੀਮਾ ਨੇ ਕਿਹਾ, “ਇਹ ਬਹੁਤ ਗੰਭੀਰ ਮਾਮਲਾ ਹੈ ਅਤੇ ਭਾਰਤ ਸਰਕਾਰ ਨੂੰ ਤੁਰੰਤ ਦਖਲ ਦੇ ਕੇ ਸਿੱਖਾਂ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਹੈ।” ਇਸ ਦੇ ਨਾਲ ਹੀ ਅਫਗਾਨਿਸਤਾਨ ਵਿੱਚ ਰਹਿ ਰਹੇ ਹੋਰ ਘੱਟ ਗਿਣਤੀਆਂ ਨਾਲ ਸਬੰਧਤ ਲੋਕਾਂ ਨੂੰ ਵੀ ਭਾਰਤ ਨੂੰ ਅਫਗਾਨਿਸਤਾਨ ਵਿੱਚੋਂ ਬਾਹਰ ਕੱਢਣ ਲਈ ਯਤਨ ਕਰਨੇ ਚਾਹੀਦੇ ਹਨ।
ਦਲਜੀਤ ਚੀਮਾ ਨੇ ਕਿਹਾ ਕਿ ਜਦੋਂ ਤੋਂ ਤਾਲਿਬਾਨ ਅਫਗਾਨਿਸਤਾਨ ਵਿੱਚ ਸੱਤਾ ਵਿੱਚ ਆਇਆ ਹੈ, ਸਿੱਖਾਂ ਉੱਤੇ ਕਈ ਹਮਲੇ ਹੋਏ ਹਨ ਅਤੇ ਇਹ ਸਪੱਸ਼ਟ ਹੈ ਕਿ ਅਫਗਾਨਿਸਤਾਨ ਹੁਣ ਸਿੱਖਾਂ ਅਤੇ ਹੋਰ ਘੱਟ ਗਿਣਤੀਆਂ ਦੇ ਲੋਕਾਂ ਲਈ ਸੁਰੱਖਿਅਤ ਪਨਾਹਗਾਹ ਨਹੀਂ ਰਿਹਾ ਹੈ। ਚੀਮਾ ਨੇ ਕਿਹਾ ਕਿ ਅਕਾਲੀ ਦਲ ਛੇਤੀ ਹੀ ਇਹ ਮਾਮਲਾ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਉਠਾਏਗਾ।