ਬੀਤੇ ਕਈ ਦਿਨਾਂ ਤੋਂ ਅਲਗੋਮਾ ਯੂਨੀਵਰਸਿਟੀ ਦੇ ਵਿਦਿਆਰਥੀ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ। ‘ਮੌਂਟਰੀਅਲ ਯੂਥ ਸਟੂਡੈਂਟ ਆਰਗੇਨਾਈਜੇਸ਼ਨ’ ਅਲਗੋਮਾ ਯੂਨੀਵਰਸਿਟੀ ਵੱਲੋਂ ਵੱਡੀ ਗਿਣਤੀ ਵਿੱਚ ਫੇਲ੍ਹ ਕੀਤੇ ਵਿਦਿਆਰਥੀਆਂ ਦੇ ਪੇਪਰਾਂ ਦੇ ਨਿਰਪੱਖ ਮੁਲਾਂਕਣ, ਯੂਨੀਵਰਸਿਟੀ ਦੀ ਜਵਾਬਦੇਹੀ, ਸਬੰਧਿਤ ਪ੍ਰੋਫੈਸਰ ਨੂੰ ਬਰਖਾਸਤ ਕਰਨ ਅਤੇ ਪ੍ਰੀਖਿਆ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਦੀ ਮੰਗ ਨੂੰ ਲੈ ਕੇ ਹੱਕੀ ਵਿਦਿਆਰਥੀ ਸੰਘਰਸ਼ ਵਿੱਚ ਸ਼ਾਮਲ ਹੈ। ਵੱਖ-ਵੱਖ ਕੋਰਸਾਂ ਵਿੱਚ ਵੱਡੀ ਗਿਣਤੀ ਵਿੱਚ ਫੇਲ੍ਹ ਕੀਤੇ ਗਏ ਵਿਦਿਆਰਥੀਆਂ ਨੇ ਸੰਘਰਸ਼ ਜਰੀਏ ਯੂਨਵਿਰਸਿਟੀ ਦੀ ਅਣਗਹਿਲੀ ਨਾਲ ਫੇਲ੍ਹ ਵਿਦਿਆਰਥੀਆਂ ਨੂੰ ਪਾਸ ਕਰਨ, ਨਿਰਪੱਖ ਮੁਲਾਂਕਣ ਅਤੇ ਦੁਬਾਰਾ ਪੇਪਰ ਦੇਣ ਦੀਆਂ ਮੰਗਾਂ ਮੰਨਵਾ ਲਈਆਂ ਹਨ। ਇਹ ਵਿਦਿਆਰਥੀ ਸੰਘਰਸ਼ ਦੀ ਪੂਰਨ ਜਿੱਤ ਹੈ।
ਯੂਨੀਵਰਸਿਟੀ ਵੱਲੋਂ ‘ਮੌਂਟਰੀਅਲ ਯੂਥ ਸਟੂਡੈਂਟ ਆਰਗੇਨਾਈਜੇਸ਼ਨ’ ਉੱਤੇ ਯੂਨੀਵਰਸਿਟੀ ਦੇ ਕੁਝ ਵਿਦਿਆਰਥੀਆਂ ਤੇ ਜਿਸਮਾਨੀ ਅਤੇ ਸ਼ਬਦੀ ਹਮਲੇ ਅਤੇ ਹਿੰਸਾ ਕਰਨ ਦੇ ਦੋਸ਼ ਲਾਏ ਹਨ। ਯੂਨੀਵਰਸਿਟੀ ਨੇ ਆਪਣੇ ਲਿਖਤੀ ਬਿਆਨ ਵਿੱਚ ਲਿਖਿਆ ਕਿ ਮਾਇਸੋ ਉਹੀ ਆਰਗੇਨਾਈਜੇਸ਼ਨ ਹੈ ਜੋ ਕੈਨੇਡਾ ਦੇ ਹੋਰ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਰੋਸ ਪ੍ਰਦਰਸ਼ਨ ਲਾਮਬੰਦ ਕਰਦੀ ਆ ਰਹੀ ਹੈ।
ਆਪਣੇ ਬਿਆਨ ਵਿੱਚ ਯੂਨੀਵਰਸਿਟੀ ਨੇ ‘ਅਲਗੋਮਾ ਯੂਨੀਵਰਸਿਟੀ ਸਟੂਡੈਂਟ ਯੂਨੀਅਨ’ (ਏਯੂਐੱਸਯੂ) ਵੱਲੋਂ ਕਰਵਾਏ ਮੂਵੀ ਨਾਇਟ ਪ੍ਰੋਗਰਾਮ ਦੌਰਾਨ ਪ੍ਰਦਰਸ਼ਨਕਾਰੀਆਂ ਨਾਲ ‘ਸ਼ਬਦੀ ਤਤਕਾਰ’ ਦਾ ਜਿਕਰ ਕਰਦਿਆਂ ਅਸੁਰੱਖਿਆ ਦਾ ਖਦਸ਼ਾ ਜਾਹਰ ਕੀਤਾ। ਇਸ ਬਿਆਨ ਵਿੱਚ ਯੂਨੀਵਰਸਿਟੀ ਨੇ ਮਾਇਸੋ ਉੱਤੇ ਇਹ ਵੀ ਦੋਸ਼ ਲਾਇਆ ਹੈ ਕਿ ਉਹਨਾਂ ਨੇ ਵਿਦਿਆਰਥੀਆਂ ਨੂੰ ਰੋਸ ਪ੍ਰਦਰਸ਼ਨ ਕਰਕੇ ਚੰਗੇ ਅੰਕ ਹਾਸਲ ਕਰਨ ਦਾ ਝੂਠਾ ਵਾਅਦਾ ਕੀਤਾ। ਮਾਇਸੋ ਦੇ ਆਗੂ ਖੁਸ਼ਪਾਲ ਗਰੇਵਾਲ, ਮਨਦੀਪ, ਮਨਪ੍ਰੀਤ ਕੌਰ ਅਤੇ ਹਰਿੰਦਰ ਮਹਿਰੋਕ ਨੇ ਯੂਨੀਵਰਸਿਟੀ ਦੇ ਇਹਨਾਂ ਦੋਸ਼ਾਂ ਨੂੰ ਝੂਠਾ ਅਤੇ ਬੇਬੁਨਿਆਦ ਕਰਾਰ ਦਿੱਤਾ। ਉਹਨਾਂ ਕਿਹਾ ਕਿ ਮਾਇਸੋ ਨੇ ਕਿਤੇ ਵੀ ਫੇਲ੍ਹ ਹੋਏ ਵਿਦਿਆਰਥੀਆਂ ਨੂੰ ਧੱਕੇ ਨਾਲ ਪਾਸ ਕਰਵਾਉਣ ਦੀ ਮੰਗ ਜਾਂ ਸੰਘਰਸ਼ ਨਹੀਂ ਕੀਤਾ।
ਯੂਨੀਵਰਸਿਟੀ ਅਤੇ ਕੈਨੇਡਾ ਦੇ ਵੱਖ-ਵੱਖ ਮੰਤਰੀਆਂ ਨੂੰ ਭੇਜੇ ਮੰਗ ਪੱਤਰਾਂ ਵਿੱਚ ਪੇਪਰਾਂ ’ਚ ਨਿਰਪੱਖ ਮੁਲਾਂਕਣ, ਯੂਨੀਵਰਸਿਟੀ ਦੀ ਜਵਾਬਦੇਹੀ, ਸਬੰਧਿਤ ਪ੍ਰੋਫੈਸਰ ਨੂੰ ਬਰਖਾਸਤ ਕਰਨ ਅਤੇ ਪ੍ਰੀਖਿਆ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਦੀ ਮੰਗ ਨੂੰ ਲੈ ਕੇ ਹੀ ਸੰਘਰਸ਼ ਕੀਤਾ ਗਿਆ। ਦੂਸਰਾ ਮਾਇਸੋ ਵਿਦਿਆਰਥੀਆਂ ਦੇ ਸ਼ਾਂਤਮਈ ਤੇ ਸੰਵਿਧਾਨਕ ਸੰਘਰਸ਼ ਦੀ ਹਮਾਇਤੀ ਹੈ ਤੇ ਉਹ ਕਿਸੇ ਵੀ ਹਿੰਸਕ ਕਾਰਵਾਈ ਦਾ ਹਿੱਸਾ ਨਹੀਂ ਰਹੀ। ਤੀਸਰਾ, ਬੁੱਧਵਾਰ ਦੀ ਸ਼ਾਮ ਵਾਲੀ ਕਿਸੇ ਘਟਨਾ ਵਿੱਚ ਮਾਇਸੋ ਦਾ ਕੋਈ ਨੁਮਾਇੰਦਾ ਸ਼ਾਮਲ ਨਹੀਂ ਸੀ ਉਲਟਾ ਇਹ ਯੂਨਵਿਰਸਿਟੀ ਦੇ ਕੁਝ ਵਿਦਿਆਰਥੀ ਹੀ ਸਨ ਜੋ ਧਰਨਾਕਾਰੀ ਵਿਦਿਆਰਥੀਆਂ ਨਾਲ ਜਾਣਬੁੱਝ ਕੇ ਤਕਰਾਰਬਾਜ਼ੀ ਕਰਕੇ ਸੰਘਰਸ਼ ਨੂੰ ਕਿਸੇ ਹੋਰ ਦਿਸ਼ਾ ਵੱਲ ਲਿਜਾਣ ਦੀ ਕੋਸ਼ਿਸ਼ ਕਰ ਰਹੇ ਸਨ। ਕੜਾਕੇ ਦੀ ਠੰਡ ਵਿੱਚ ਸੰਘਰਸ਼ ਕਰ ਰਹੇ ਵਿਦਿਆਰਥੀਆਂ ਨਾਲ ਮਾਇਸੋ ਤੇ ਹੋਰ ਜੱਥੇਬੰਦੀਆਂ ਬੈਠੀਆਂ ਤੇ ਯੂਨੀਵਰਸਿਟੀ ਪ੍ਰਸ਼ਾਸਨ ਨੇ ਬਿਲਕੁਲ ਵੀ ਇਹ ਲੋੜ ਨਹੀਂ ਸਮਝੀ ਕਿ ਉਹ ਆਪਣੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਲਈ ਸੰਘਰਸ਼ ਕਰ ਰਹੇ ਵਿਦਿਆਰਥੀਆਂ ਅਤੇ ਮਾਇਸੋ ਨਾਲ ਸੰਜੀਦਗੀ ਨਾਲ ਗੱਲਬਾਤ ਕਰਕੇ ਕੋਈ ਹੱਲ ਕੱਢੇ, ਉਲਟਾ ਯੂਨੀਵਰਸਿਟੀ ਮਾਇਸੋ ਅਤੇ ਸੰਘਰਸ਼ ਕਰ ਰਹੇ ਵਿਦਿਆਰਥੀਆਂ ਉੱਤੇ ਦੋਸ਼ ਮੜ੍ਹਨ ਦੇ ਰਾਹ ਪਈ ਹੋਈ ਹੈ।