ਬੰਗਲਾਦੇਸ਼ ‘ਚ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ ਉਹਨਾਂ ਦੀ ਸਰਕਾਰ ਦੇ ਵਿਰੋਧ ‘ਚ ਮੁੜ ਪ੍ਰਦਰਸ਼ਨ ਸ਼ੁਰੂ ਹੋ ਗਏ। ਜੁਲਾਈ ਮਹੀਨੇ ਦੌਰਾਨ ਨੌਕਰੀਆਂ ‘ਚ ਰਾਖਵੇਂਕਰਨ ਖ਼ਿਲਾਫ਼ ਹਿੰਸਕ ਪ੍ਰਦਰਸ਼ਨਾਂ ਦੌਰਾਨ 200 ਤੋਂ ਵੱਧ ਲੋਕਾਂ ਦੀ ਮੌਤ ਲਈ ਇਨਸਾਫ਼ ਦੀ ਮੰਗ ਕਰਦਿਆਂ ਇਹ ਪ੍ਰਦਰਸ਼ਨ ਹੋ ਰਹੇ ਹਨ। ਕਾਨੂੰਨ-ਵਿਵਸਥਾ ਨੂੰ ਦੇਖਦਿਆਂ, ਸਰਕਾਰ ਨੇ ਦੇਸ਼ ਭਰ ‘ਚ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਪਾਬੰਦੀ ਲਾ ਦਿੱਤੀ ਹੈ।
ਸ਼ੇਖ ਹਸੀਨਾ ਦੀ ਸਰਕਾਰ ਨੇ ਸ਼ੁੱਕਰਵਾਰ ਨੂੰ ਇੰਸਟਾਗ੍ਰਾਮ, ਯੂਟਿਊਬ, ਟਿਕਟੋਕ, ਵਾਟਸਐਪ ਸਮੇਤ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਰੋਕ ਲਗਾ ਦਿੱਤੀ। ਗਲੋਬਲ ਆਈਜ਼ ਦੀ ਰਿਪੋਰਟ ਮੁਤਾਬਕ, ਸ਼ੁੱਕਰਵਾਰ ਤੋਂ ਸਾਰੇ ਦੇਸ਼ ‘ਚ ਸੋਸ਼ਲ ਮੀਡੀਆ ਸਾਈਟਾਂ ‘ਤੇ ਅਸਥਾਈ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਤੁਰਕੀ ਨੇ ਵੀ ਇਸ ਤਰ੍ਹਾਂ ਦਾ ਕਦਮ ਚੁੱਕਿਆ ਸੀ। ਬੰਗਲਾਦੇਸ਼ ਸਰਕਾਰ ਨੇ ਦੁਪਹਿਰ 12 ਵਜੇ ਤੋਂ ਬਾਅਦ ਮੋਬਾਇਲ ‘ਤੇ ਮੈਟਾ ਦੇ ਪਲੇਟਫਾਰਮਾਂ ਦੀ ਸੇਵਾ ਘੱਟ ਕਰ ਦਿੱਤੀ। ਰਿਪੋਰਟਾਂ ਮੁਤਾਬਕ, ਇੰਟਰਨੈਟ ਦੀ ਸਪੀਡ ਵੀ ਕਾਫ਼ੀ ਘੱਟ ਕਰ ਦਿੱਤੀ ਗਈ ਹੈ ਤਾਂ ਜੋ ਵੀਪੀਐਨ ਵਰਤ ਕੇ ਵੀ ਸੋਸ਼ਲ ਮੀਡੀਆ ਨਹੀਂ ਵਰਤੀ ਜਾ ਸਕੇ। 17 ਜੁਲਾਈ ਨੂੰ ਸਭ ਤੋਂ ਪਹਿਲਾਂ ਇੰਟਰਨੈਟ ਬੰਦ ਕੀਤਾ ਗਿਆ ਸੀ। 18 ਜੁਲਾਈ ਨੂੰ ਬ੍ਰਾਡਬੈਂਡ ਇੰਟਰਨੈਟ ਵੀ ਬੰਦ ਕਰ ਦਿੱਤਾ ਗਿਆ ਸੀ। 28 ਜੁਲਾਈ ਤੱਕ ਮੋਬਾਇਲ ਨੈਟਵਰਕ ‘ਤੇ ਪਾਬੰਦੀ ਸੀ।
ਰਾਜਧਾਨੀ ਢਾਕਾ ਦੇ ਵੱਖ-ਵੱਖ ਹਿੱਸਿਆਂ ‘ਚ 2000 ਤੋਂ ਵੱਧ ਪ੍ਰਦਰਸ਼ਨਕਾਰੀ ਇਕੱਠੇ ਹੋਏ, ਜਿਨ੍ਹਾਂ ‘ਚੋਂ ਕੁਝ ਲੋਕ ਤਾਨਾਸ਼ਾਹ ਮੁਰਦਾਬਾਦ ਅਤੇ ਪੀੜਤਾਂ ਲਈ ਇਨਸਾਫ਼ ਦੇ ਨਾਰੇ ਲਾ ਰਹੇ ਸਨ, ਜਦਕਿ ਪੁਲਿਸ ਅਧਿਕਾਰੀ ਉਹਨਾਂ ਦੇ ਆਲੇ-ਦੁਆਲੇ ਘੇਰਾ ਬਣਾਕੇ ਖੜੇ ਸਨ। ਢਾਕਾ ਦੇ ਉਤਤਰਾ ਇਲਾਕੇ ‘ਚ ਪੁਲਿਸ ਅਤੇ ਦਰਜਨਾਂ ਵਿਦਿਆਰਥੀਆਂ ਵਿਚਕਾਰ ਝੜਪ ਹੋਈ, ਜਦਕਿ ਸੁਰੱਖਿਆ ਅਧਿਕਾਰੀਆਂ ਨੇ ਪੱਥਰ ਸੁੱਟ ਰਹੇ ਪ੍ਰਦਰਸ਼ਨਕਾਰੀਆਂ ਨੂੰ ਭਗਾਉਣ ਲਈ ਅੰਸੂ ਗੈਸ ਅਤੇ ਸਟਨ ਗ੍ਰੇਨੇਡ ਵਰਤੇ।
ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਸਰਕਾਰ ਪਿਛਲੇ ਮਹੀਨੇ ਤੋਂ ਵਿਦਿਆਰਥੀਆਂ ਦੇ ਪ੍ਰਦਰਸ਼ਨਾਂ ਦਾ ਸਾਹਮਣਾ ਕਰ ਰਹੀ ਹੈ ਅਤੇ ਹੁਣੇ ਤੱਕ ਇਨ੍ਹਾਂ ਪ੍ਰਦਰਸ਼ਨਾਂ ਦੇ ਰੁਕਣ ਦਾ ਕੋਈ ਸੰਕੇਤ ਨਹੀਂ ਹੈ। 15 ਜੁਲਾਈ ਤੋਂ ਹਿੰਸਾ ਬਰਕਰਾਰ ਰਹੀ ਹੈ, ਜੋ ਕਿ ਸ਼ੇਖ ਹਸੀਨਾ ਲਈ ਵੱਡੀ ਚੁਣੌਤੀ ਬਣੀ ਹੋਈ ਹੈ। ਹਿੰਸਕ ਪ੍ਰਦਰਸ਼ਨਾਂ ਨੂੰ ਕੰਟਰੋਲ ਕਰਨ ਲਈ ਅਧਿਕਾਰੀਆਂ ਨੇ ਇੰਟਰਨੈਟ ਬੰਦ ਕਰ ਦਿੱਤਾ ਹੈ ਅਤੇ ਦੇਖਦੇ ਹੀ ਗੋਲੀ ਮਾਰਨ ਦਾ ਹੁਕਮ ਦੇ ਕੇ ਕਰਫ਼ਿਊ ਲਗਾ ਦਿੱਤਾ ਹੈ। ਸਕੂਲ ਅਤੇ ਯੂਨੀਵਰਸਿਟੀਆਂ ਬੰਦ ਹਨ।