ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਡਾ ਨੇ ਬੁੱਧਵਾਰ ਨੂੰ ਰਾਜ ਸਭਾ ਵਿੱਚ 1947 ਦੀ ਵੰਡ ਤੋਂ ਬਾਅਦ ਪਾਕਿਸਤਾਨ ਵਿੱਚ ਰਹਿ ਗਏ ਗੁਰਦੁਆਰਿਆਂ ਦੇ ਮੁੱਦੇ ‘ਤੇ ਗੰਭੀਰ ਚਰਚਾ ਕੀਤੀ। ਚੱਡਾ ਨੇ ਜ਼ੋਰ ਦਿੱਤਾ ਕਿ ਕਰਤਾਰਪੁਰ ਸਾਹਿਬ, ਪੰਜਾ ਸਾਹਿਬ ਅਤੇ ਨਨਕਾਣਾ ਸਾਹਿਬ ਵਰਗੇ ਪਵਿੱਤਰ ਸਥਾਨਾਂ ਦੇ ਦਰਸ਼ਨ ਲਈ ਸੁਗਮ ਲਾਂਘੇ ਬਣਾਉਣ ਦੀ ਲੋੜ ਹੈ।
ਉਨ੍ਹਾਂ ਵਿਸ਼ੇਸ਼ ਤੌਰ ‘ਤੇ ਨਨਕਾਣਾ ਸਾਹਿਬ ਦੀ ਮਹੱਤਾ ‘ਤੇ ਰੌਸ਼ਨੀ ਪਾਈ, ਜੋ ਲਾਹੌਰ ਤੋਂ 90 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਵਜੋਂ ਮੰਨਿਆ ਜਾਂਦਾ ਹੈ। ਚੱਡਾ ਨੇ ਸੁਝਾਅ ਦਿੱਤਾ ਕਿ ਕਰਤਾਰਪੁਰ ਸਾਹਿਬ ਲਾਂਘੇ ਦੀ ਤਰ੍ਹਾਂ ਨਨਕਾਣਾ ਸਾਹਿਬ ਲਈ ਵੀ ਇੱਕ ਵਿਸ਼ੇਸ਼ ਲਾਂਘਾ ਸਥਾਪਿਤ ਕੀਤਾ ਜਾਣਾ ਚਾਹੀਦਾ ਹੈ, ਜਿੱਥੇ ਸ਼ਰਧਾਲੂਆਂ ਤੋਂ ਨਾ ਤਾਂ ਵੀਜ਼ਾ ਲਿਆ ਜਾਵੇ ਅਤੇ ਨਾ ਹੀ ਕੋਈ ਫੀਸ।
ਉਨ੍ਹਾਂ ਨੇ ਕਿਹਾ ਕਿ ਅੰਮ੍ਰਿਤਸਰ-ਅਟਾਰੀ ਸਰਹੱਦ ਤੋਂ ਸਿਰਫ਼ 104 ਕਿਲੋਮੀਟਰ ਦੂਰ ਨਨਕਾਣਾ ਸਾਹਿਬ ਤੱਕ ਪਹੁੰਚ ਅਸਾਨ ਬਣਾਈ ਜਾ ਸਕਦੀ ਹੈ, ਜੇਕਰ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਇਸ ਬਾਬਤ ਸਹਿਯੋਗ ਕਰਣ। ਚੱਡਾ ਨੇ ਇਹ ਵੀ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਇਸ ਯਤਨ ਵਿੱਚ ਪੂਰੀ ਤਰ੍ਹਾਂ ਸਹਿਯੋਗ ਦੇਵੇਗੀ।
1947 ਦੀ ਵੰਡ ਦੀ ਯਾਦ ਤਾਜ਼ਾ ਕਰਦੇ ਹੋਏ, ਰਾਘਵ ਚੱਡਾ ਨੇ ਕਿਹਾ ਕਿ ਇਸ ਵੰਡ ਨੇ ਨਾ ਸਿਰਫ਼ ਦੇਸ਼ ਨੂੰ, ਸਗੋਂ ਪੰਜਾਬ ਨੂੰ ਵੀ ਦੋ ਹਿੱਸਿਆਂ ਵਿੱਚ ਵੰਡ ਦਿੱਤਾ। ਇਸ ਦੌਰਾਨ ਲੱਖਾਂ ਲੋਕਾਂ ਦਾ ਖੂਨ ਵਹਾਇਆ ਗਿਆ ਅਤੇ ਕਈ ਪਰਿਵਾਰ, ਜਿਸ ਵਿੱਚ ਉਨ੍ਹਾਂ ਦਾ ਆਪਣਾ ਪਰਿਵਾਰ ਵੀ ਸ਼ਾਮਲ ਸੀ, ਵਿਛੜ ਗਏ। ਉਨ੍ਹਾਂ ਨੇ ਦੁੱਖ ਪ੍ਰਗਟਾਇਆ ਕਿ ਸਾਡੇ ਪਵਿੱਤਰ ਗੁਰਦੁਆਰੇ ਵੀ ਇਸ ਵੰਡ ਦਾ ਸ਼ਿਕਾਰ ਹੋਏ।