ਇੱਕ ਸਿੱਖ ਨੌਜਵਾਨ, ਏਕਮਜੋਤ ਸਿੰਘ ਸੰਧੂ ਨੂੰ ਬਰੈਂਪਟਨ ਵਿੱਚ ਵਾਪਰੇ ਜਾਨਲੇਵਾ ਸੜਕ ਹਾਦਸੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਹੈ, ਜਿਸ ਵਿੱਚ ਇੱਕ ਟੈਕਸੀ ਡਰਾਈਵਰ ਦੀ ਮੌਤ ਹੋ ਗਈ ਸੀ। ਸਜ਼ਾ ਦਾ ਐਲਾਨ ਅਕਤੂਬਰ ਮਹੀਨੇ ਵਿੱਚ ਕੀਤਾ ਜਾਵੇਗਾ। ਇਸ ਹਾਦਸੇ ਦੀ ਘਟਨਾ 11 ਸਤੰਬਰ 2021 ਨੂੰ ਵਾਪਰੀ ਸੀ, ਜਦੋਂ ਸੰਧੂ ਆਪਣੀ ਫੌਕਸਵੈਗਨ ਜੈਟਾ ਕਾਰ ਨਾਲ 120 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਟੈਕਸੀ ਨੂੰ ਟੱਕਰ ਮਾਰ ਦਿੰਦਾ ਹੈ। ਹਾਦਸੇ ਦੌਰਾਨ, ਉਸਦੀ ਸਾਬਕਾ ਗਰਲਫਰੈਂਡ ਜਸਨੀਤ ਬਡਵਾਲ ਵੀ ਉਸਦੇ ਨਾਲ ਸੀ, ਜਿਸਨੇ ਬਾਅਦ ਵਿੱਚ ਸੰਧੂ ਨੂੰ ਟੱਕਰ ਦੇ ਸਮੇਂ ਕਾਰ ਚਲਾ ਰਹੇ ਬੰਦੇ ਵਜੋਂ ਪਛਾਣਿਆ।
ਕੋਰਟ ਕਾਰਵਾਈ ਦੌਰਾਨ, ਜਿਊਰੀ ਨੇ ਮੋਕੇ ਦੀਆਂ ਗਵਾਹੀਆਂ ਅਤੇ ਪੁਲਿਸ ਵੱਲੋਂ ਪ੍ਰਦਾਨ ਕੀਤੇ ਦਸਤਾਵੇਜ਼ਾਂ ਦੇ ਆਧਾਰ ਤੇ ਸੰਧੂ ਨੂੰ ਸ਼ਰਾਬ ਪੀ ਕੇ ਗੱਡੀ ਚਲਾਉਣ ਅਤੇ ਮੌਤ ਦਾ ਕਾਰਨ ਬਣਨ ਦੇ ਦੋਸ਼ਾਂ ਵਿੱਚ ਦੋਸ਼ੀ ਕਰਾਰ ਦਿੱਤਾ। ਟੱਕਰ ਦੀ ਘਟਨਾ ਬਰੈਂਪਟਨ ਦੇ ਵਿੰਸਟਨ ਚਰਚਿਲ ਬੁਲੇਵਾਰਡ ‘ਤੇ ਵਾਪਰੀ ਸੀ, ਜਿੱਥੇ ਸੰਧੂ ਦੀ ਕਾਰ ਨੇ ਇੱਕ ਸੁਬਾਰੂ ਨੂੰ ਟੱਕਰ ਮਾਰੀ, ਜਿਸ ਵਿਚ ਸਵਾਰ ਮੈਥਿਊ ਕ੍ਰਜ਼ ਆਪਣੀ ਊਬਰ ਡਿਊਟੀ ਮੁਕਾ ਕੇ ਘਰ ਪਰਤ ਰਿਹਾ ਸੀ।
ਪੁਲਿਸ ਰਿਪੋਰਟਾਂ ਮੁਤਾਬਕ, ਇਸ ਸੜਕ ‘ਤੇ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੀ ਹੱਦ ਹੈ, ਪਰ ਸੰਧੂ ਆਪਣੀ ਕਾਰ ਨੂੰ ਇਸ ਹੱਦ ਤੋਂ ਦੋ ਗੁਣਾ ਤੇਜ਼ੀ ਨਾਲ ਚਲਾ ਰਿਹਾ ਸੀ। ਪਿਛਲੇ ਕੁਝ ਸਾਲਾਂ ਵਿੱਚ ਕੈਨੇਡਾ ਵਿੱਚ ਸੜਕ ਹਾਦਸਿਆਂ ਦੌਰਾਨ ਮੌਤਾਂ ਦੀ ਗਿਣਤੀ ਵਧੀ ਹੈ, 2022 ਵਿੱਚ 1,931 ਜਣਿਆਂ ਦੀ ਮੌਤ ਹੋਈ, ਜੋ 2021 ਦੇ ਮੁਕਾਬਲੇ 6% ਜਿਆਦਾ ਹੈ।