ਮਹਿੰਗਾਈ ਅਤੇ ਕਿਰਾਏ ਦੀਆਂ ਵੱਧਦੀਆਂ ਸਮੱਸਿਆਵਾਂ ਦੇ ਚਲਦੇ, 20 ਲੱਖ ਤੋਂ ਵੱਧ ਕੈਨੇਡੀਆਈ ਹੁਣ ਫੂਡ ਬੈਂਕਾਂ ‘ਤੇ ਨਿਰਭਰ ਹੋਣ ਲਈ ਮਜਬੂਰ ਹਨ। ਫੂਡ ਬੈਂਕਸ ਕੈਨੇਡਾ ਦੇ ਤਾਜ਼ਾ ਅੰਕੜਿਆਂ ਮੁਤਾਬਕ, ਮਾਰਚ 2019 ਦੇ ਮੁਕਾਬਲੇ ਇਹ ਗਿਣਤੀ ਹੁਣ ਦੁੱਗਣੀ ਹੋ ਚੁੱਕੀ ਹੈ। ਮਾਰਚ 2024 ਵਿੱਚ, 20 ਲੱਖ 59 ਹਜ਼ਾਰ ਲੋਕਾਂ ਨੇ ਫੂਡ ਬੈਂਕਾਂ ਤੋਂ ਸਹਾਇਤਾ ਲਈ ਸੰਪਰਕ ਕੀਤਾ, ਜੋ ਪਿਛਲੇ ਸਾਲ ਦੇ ਮੁਕਾਬਲੇ 6 ਫੀਸਦੀ ਵੱਧ ਹੈ।
ਫੂਡ ਬੈਂਕਸ ਕੈਨੇਡਾ ਦੀ ਮੁੱਖ ਕਾਰਜਕਾਰੀ ਅਧਿਕਾਰੀ ਕ੍ਰਿਸਟੀਨ ਬਿਅਰਡਜ਼ਲੀ ਨੇ ਕਿਹਾ ਕਿ ਘੱਟ ਆਮਦਨ ਵਾਲੇ ਪਰਿਵਾਰ ਮਹਿੰਗਾਈ ਅਤੇ ਕਿਰਾਏ ਦੀਆਂ ਮੂੰਹ ਮੰਗੀਆਂ ਕੀਮਤਾਂ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ ਅਤੇ ਫੂਡ ਬੈਂਕਾਂ ‘ਤੇ ਨਿਰਭਰ ਹੋਣ ਲਈ ਮਜਬੂਰ ਹਨ। ਉਨ੍ਹਾਂ ਨੇ ਫੈਡਰਲ ਅਤੇ ਸੂਬਾਈ ਸਰਕਾਰਾਂ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆਂਦੇ ਜਾਣ ਦੀ ਲੋੜ ਹੈ ਤਾਂ ਜੋ ਘੱਟ ਆਮਦਨ ਵਾਲੇ ਲੋਕਾਂ ਲਈ ਵਾਧੂ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ ਅਤੇ ਉਹਨਾਂ ਦੀ ਫੂਡ ਬੈਂਕਾਂ ‘ਤੇ ਨਿਰਭਰਤਾ ਘਟੇ।
ਹੰਗਰ ਕਾਊਂਟ 2024 ਦੇ ਅਧਿਕਾਰਕ ਅੰਕੜਿਆਂ ਮੁਤਾਬਕ, ਮਾਰਚ ਦੇ ਮਹੀਨੇ ਦੌਰਾਨ 20 ਲੱਖ ਤੋਂ ਵੱਧ ਲੋਕਾਂ ਨੇ ਫੂਡ ਬੈਂਕਾਂ ਦੇ ਦਰਵਾਜ਼ੇ ਖੜਕਾਏ, ਜਿਨ੍ਹਾਂ ਵਿੱਚ ਇਕ ਤਿਹਾਈ ਤੋਂ ਵੱਧ ਬੱਚੇ ਸਨ। ਇਹ ਵੀ ਜਾਣਕਾਰੀ ਮਿਲੀ ਹੈ ਕਿ 2019 ਵਿੱਚ ਇਹ ਗਿਣਤੀ 10 ਲੱਖ 86 ਹਜ਼ਾਰ ਸੀ, ਜੋ ਕੋਰੋਨਾ ਮਹਾਂਮਾਰੀ ਦੇ ਬਾਅਦ ਵੱਧਦੀਆਂ ਰਹੀ। 2020 ਦੇ ਦੌਰਾਨ, ਮਹਾਂਮਾਰੀ ਕਾਰਨ ਸਹੀ ਅੰਕੜੇ ਉਪਲਬਧ ਨਹੀਂ ਸਨ, ਪਰ 2021 ਵਿੱਚ 12 ਲੱਖ 72 ਹਜ਼ਾਰ, 2022 ਵਿੱਚ 14 ਲੱਖ 65 ਹਜ਼ਾਰ, ਅਤੇ 2023 ਵਿੱਚ 19 ਲੱਖ 35 ਹਜ਼ਾਰ ਲੋਕਾਂ ਨੇ ਫੂਡ ਬੈਂਕਾਂ ਤੋਂ ਸਹਾਇਤਾ ਲਈ ਸੰਪਰਕ ਕੀਤਾ।
ਇਹ ਵੱਧਦੀਆਂ ਗਿਣਤੀਆਂ ਦਰਸਾਉਂਦੀਆਂ ਹਨ ਕਿ ਕੈਨੇਡਾ ਦੇ ਅਮਨਚੈਨ ਵਿੱਚ ਬੇਹਤਰੀ ਲਿਆਉਣ ਲਈ ਘਰੇਲੂ ਅਤੇ ਸੂਬਾਈ ਸਰਕਾਰਾਂ ਨੂੰ ਰੋਜ਼ਗਾਰ, ਰਿਹਾਇਸ਼ ਅਤੇ ਭੋਜਨ ਸੁਰੱਖਿਆ ਵੱਲ ਜ਼ਰੂਰੀ ਕਦਮ ਚੁੱਕਣੇ ਪੈਣਗੇ।