ਪੀਲ ਰੀਜਨਲ ਪੁਲਿਸ ਦੇ ਮੁਤਾਬਕ, ਕੈਨੇਡਾ ਦੇ ਟੋਰਾਂਟੋ ਖੇਤਰ ਵਿੱਚ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਨਾਲ ਜੁੜੇ ਮਾਮਲੇ ’ਚ ਪੰਜ ਪੰਜਾਬੀ ਮੂਲ ਦੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਗਏ ਲੋਕਾਂ ਵਿੱਚ 61 ਸਾਲ ਦੀ ਨਰਿੰਦਰ ਕੌਰ ਨਾਗਰਾ, ਉਸ ਦੇ ਦੋ ਪੁੱਤਰ ਨਵਦੀਪ ਨਾਗਰਾ (20) ਅਤੇ ਰਵਨੀਤ ਨਾਗਰਾ (22) ਹਨ, ਜਦਕਿ ਦੋ ਹੋਰ ਗ੍ਰਿਫਤਾਰ ਸ਼ਖਸਾਂ ਵਿੱਚ 20 ਸਾਲਾ ਰਣਵੀਰ ਅਤੇ 21 ਸਾਲਾ ਪਵਨੀਤ ਨਾਹਲ ਵੀ ਸ਼ਾਮਲ ਹਨ।
ਪੁਲਿਸ ਨੇ ਦੱਸਿਆ ਕਿ ਇਹ ਗਿਰੋਹ ਗ੍ਰੇਟਰ ਟੋਰਾਂਟੋ ਏਰੀਆ (GTA) ਵਿੱਚ ਤਸਕਰੀ ਦੀਆਂ ਗਤੀਵਿਧੀਆਂ ਵਿੱਚ ਲੱਗਿਆ ਹੋਇਆ ਸੀ ਅਤੇ ਇਨ੍ਹਾਂ ’ਤੇ ਕੁੱਲ 160 ਤੋਂ ਵੱਧ ਕਾਨੂੰਨੀ ਨਿਯਮਾਂ ਦੀ ਉਲੰਘਣਾ ਦੇ ਦੋਸ਼ ਲਗਾਏ ਗਏ ਹਨ। ਅਧਿਕਾਰੀਆਂ ਅਨੁਸਾਰ, ਇੱਕ 20 ਸਾਲਾ ਵਿਅਕਤੀ ਨੂੰ ਇੱਕ ਟਰੈਫਿਕ ਜਾਂਚ ਦੌਰਾਨ ਬੰਦੂਕ ਦੇ ਨਾਲ ਫੜਿਆ ਗਿਆ, ਜਿਸ ਕਾਰਨ ਜਾਂਚ ਦੀਆਂ ਕੜੀਆਂ ਇਸ ਸਮੂਹ ਤਕ ਪਹੁੰਚੀਆਂ। ਇਹ ਮੁਹਿੰਮ, ਜਿਸ ਨੂੰ “ਪ੍ਰੋਜੈਕਟ ਸਲੇਜਹੈਮਰ” ਨਾਮ ਦਿੱਤਾ ਗਿਆ, ਨੇ ਜੁਲਾਈ ਤੋਂ ਸਤੰਬਰ ਤੱਕ ਜਾਰੀ ਰਹੀ, ਜਿਸ ਦੌਰਾਨ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰ ਰਹੇ ਇਸ ਗਿਰੋਹ ਦੇ ਵੱਖ-ਵੱਖ ਗੁਪਤ ਸਬੂਤਾਂ ਨੂੰ ਇਕੱਠਾ ਕੀਤਾ ਗਿਆ।
ਇਸ ਮੁਹਿੰਮ ਦੌਰਾਨ ਪੁਲਿਸ ਨੇ ਕਈ ਖੇਤਰਾਂ ਵਿੱਚ ਇੱਕਠੇ ਕੰਮ ਕੀਤਾ। ਇਸ ਵਿੱਚ ਯਾਰਕ ਰੀਜਨਲ ਪੁਲਿਸ, ਰਾਏਲ ਕਨੇਡੀਅਨ ਮਾਉਂਟਡ ਪੁਲਿਸ (RCMP), ਅਤੇ ਹੋਰ ਸਥਾਨਕ ਏਜੰਸੀਆਂ ਨੇ ਭਾਗ ਲਿਆ। ਪੁਲਿਸ ਨੇ ਮੁਲਜ਼ਮਾਂ ਦੇ ਘਰਾਂ ਦੀ ਜਾਂਚ ਕਰਨ ਲਈ ਕਾਨੂੰਨੀ ਤੌਰ ’ਤੇ ਵਾਰੰਟ ਹਾਸਿਲ ਕੀਤੇ ਅਤੇ ਛਾਪੇ ਦੌਰਾਨ ਉਨ੍ਹਾਂ ਕੋਲੋਂ 11 ਹਥਿਆਰ, 32 ਪਾਬੰਦੀਸ਼ੁਦਾ ਮੈਗਜ਼ੀਨ, 900 ਤੋਂ ਵੱਧ ਗੋਲਾ ਬਾਰੂਦ ਅਤੇ 53 ਗਲੋਕ ਸਿਲੈਕਟਰ ਸਵਿੱਚ ਬਰਾਮਦ ਕੀਤੇ। ਇਨ੍ਹਾਂ ਨਾਲ ਨਾਲ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਵੀ ਪਕੜੇ ਗਏ ਹਨ।
ਇਹ ਮਾਮਲਾ ਕੈਨੇਡੀਅਨ ਸਥਾਨਕ ਲੋਕਾਂ ਵਿੱਚ ਚਿੰਤਾ ਦਾ ਕਾਰਣ ਬਣ ਰਿਹਾ ਹੈ, ਕਿਉਂਕਿ ਇਹ ਸਿਰਫ਼ ਨਸ਼ੇ ਦੀ ਤਸਕਰੀ ਦਾ ਮਾਮਲਾ ਹੀ ਨਹੀਂ, ਸਗੋਂ ਹਥਿਆਰਾਂ ਦੀ ਘਾਤਕ ਵੰਡ ਦੇ ਮਾਮਲੇ ਨੂੰ ਵੀ ਉਜਾਗਰ ਕਰਦਾ ਹੈ।