ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ 86 ਸਾਲ ਦੇ ਪ੍ਰਸਿੱਧ ਭਾਰਤੀ ਉਦਯੋਗਪਤੀ ਅਤੇ ਟਾਟਾ ਸੰਨਜ਼ ਦੇ ਸਾਬਕਾ ਚੇਅਰਮੈਨ, ਰਤਨ ਨਵਲ ਟਾਟਾ, ਦਾ 9 ਅਕਤੂਬਰ 2024 ਨੂੰ ਦੇਹਾਂਤ ਹੋ ਗਿਆ। ਪਿਛਲੇ ਤਿੰਨ ਦਿਨਾਂ ਤੋਂ ਹਸਪਤਾਲ ਵਿੱਚ ਦਾਖਲ ਟਾਟਾ ਬਲੱਡ ਪ੍ਰੈਸ਼ਰ ਵਿੱਚ ਕਮੀ ਕਾਰਨ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਸਨ। ਟਾਟਾ ਦੇ ਅੰਤਿਮ ਪ੍ਰਵਾਸ ਨੇ ਭਾਰਤੀ ਉਦਯੋਗਿਕ ਇਤਿਹਾਸ ਦਾ ਇੱਕ ਅਹਿਮ ਪੰਨਾ ਸਮਾਪਤ ਕਰ ਦਿੱਤਾ। ਉਹ ਆਪਣੇ ਪਿੱਛੇ ਵਿਸ਼ਾਲ ਵਿਰਾਸਤ ਅਤੇ ਦੁਨੀਆ ਭਰ ਵਿੱਚ ਪ੍ਰਸਿੱਧ ਟਾਟਾ ਗਰੁੱਪ ਨੂੰ ਛੱਡ ਗਏ ਹਨ।
ਰਤਨ ਟਾਟਾ 1991 ਤੋਂ 2012 ਤੱਕ ਟਾਟਾ ਗਰੁੱਪ ਦੇ ਚੇਅਰਮੈਨ ਰਹੇ। ਇਸ ਦੌਰਾਨ ਟਾਟਾ ਗਰੁੱਪ ਨੇ ਭਾਰਤੀ ਬਾਜ਼ਾਰਾਂ ਤੋਂ ਨਿਕਲ ਕੇ ਵਿਸ਼ਵ ਪੱਧਰ ‘ਤੇ ਕਦਮ ਰੱਖਿਆ। ਉਨ੍ਹਾਂ ਦੀ ਅਗਵਾਈ ਹੇਠ ਟਾਟਾ ਗਰੁੱਪ ਨੇ ਟੈਟਲੀ ਟੀ, ਕੋਰਸ ਸਟੀਲ ਅਤੇ ਜੈਗੁਆਰ ਲੈਂਡ ਰੋਵਰ ਵਰਗੀਆਂ ਵਿਦੇਸ਼ੀ ਕੰਪਨੀਆਂ ਨੂੰ ਖਰੀਦ ਕੇ ਟਾਟਾ ਗਰੁੱਪ ਨੂੰ ਇੱਕ ਗਲੋਬਲ ਪਾਵਰਹਾਊਸ ਵਿੱਚ ਬਦਲ ਦਿੱਤਾ। ਉਹ ਟਾਟਾ ਸੰਨਜ਼ ਦੀਆਂ ਪ੍ਰਾਪਤੀਆਂ ਨਾਲੋਂ ਵੱਧ ਆਪਣੇ ਜੋਖ਼ਮ ਭਰੇ ਫ਼ੈਸਲਿਆਂ ਲਈ ਜਾਣੇ ਜਾਂਦੇ ਸਨ, ਜੋ ਉਨ੍ਹਾਂ ਦੇ ਆਤਮ ਵਿਸ਼ਵਾਸ ਅਤੇ ਅਗਵਾਈ ਦੀ ਬਹਾਦਰੀ ਨੂੰ ਦਰਸਾਉਂਦਾ ਹੈ।
ਟਾਟਾ ਕੇਵਲ ਇੱਕ ਸਫਲ ਉਦਯੋਗਪਤੀ ਹੀ ਨਹੀਂ ਸਨ, ਬਲਕਿ ਉਹਨ੍ਹਾ ਨੇ ਸਮਾਜ ਵਿੱਚ ਨਵੇਂ ਵਿਕਾਸ ਲਈ ਆਪਣੀ ਜ਼ਿੰਦਗੀ ਸਮਰਪਿਤ ਕੀਤੀ। ਰਤਨ ਟਾਟਾ ਦੀ ਯਾਦਗਾਰ ਪ੍ਰਾਪਤੀ “ਟਾਟਾ ਨੈਨੋ” ਕਾਰ ਸੀ, ਜੋ ਆਮ ਜਨਤਾ ਲਈ ਬਣਾਈ ਗਈ ਸੀ। ਹਾਲਾਂਕਿ ਇਹ ਵਪਾਰਕ ਤੌਰ ‘ਤੇ ਵੱਡੀ ਸਫਲਤਾ ਨਾ ਹੋਈ, ਪਰ ਇਹ ਉਦਯੋਗਿਕ ਸਫਲਤਾ ਦੀ ਥਾਂ ਲੋਕਾਂ ਲਈ ਕਿਫਾਇਤੀ ਅਤੇ ਸੁਰੱਖਿਅਤ ਆਵਾਜਾਈ ਦੇ ਵੈਜਨ ਨੂੰ ਦਰਸਾਉਂਦੀ ਹੈ। ਰਤਨ ਟਾਟਾ ਦੇ ਸੰਸਥਾਨ MIT ਦੇ ਟਾਟਾ ਸੈਂਟਰ ਨੇ ਟਿਕਾਊ ਵਿਕਾਸ ਵਿੱਚ ਭਾਈਚਾਰਿਆਂ ਨੂੰ ਸਹਿਯੋਗ ਦਿੱਤਾ।
ਟਾਟਾ ਦੀ ਪਰਉਪਕਾਰੀ ਉਨ੍ਹਾਂ ਦੇ ਜੀਵਨ ਦਾ ਕੇਂਦਰੀ ਹਿੱਸਾ ਸੀ। ਟਾਟਾ ਟਰੱਸਟਾਂ ਰਾਹੀਂ ਉਨ੍ਹਾਂ ਨੇ ਸਿਹਤ, ਸਿੱਖਿਆ, ਅਤੇ ਪੇਂਡੂ ਵਿਕਾਸ ਲਈ ਵੱਡੇ ਯੋਗਦਾਨ ਦਿੱਤੇ। ਉਸਨੇ ਟਾਟਾ ਗਰੁੱਪ ਦੇ ਮੁਨਾਫਿਆਂ ਦਾ ਵੱਡਾ ਹਿੱਸਾ ਪਰਉਪਕਾਰੀ ਕਾਰਜਾਂ ਲਈ ਸਮਰਪਿਤ ਕੀਤਾ। ਭਾਰਤ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੇ ਰਤਨ ਟਾਟਾ ਦੇ ਦਿਹਾਂਤ ‘ਤੇ ਸ਼ੋਕ ਪ੍ਰਗਟ ਕਰਦੇ ਹੋਏ ਉਨ੍ਹਾਂ ਦੇ ਸਮਾਜਿਕ ਯੋਗਦਾਨਾਂ ਦੀ ਪ੍ਰਸ਼ੰਸਾ ਕੀਤੀ।
ਰਤਨ ਟਾਟਾ ਦੀ ਮੌਤ ਨਾਲ, ਕੇਵਲ ਟਾਟਾ ਗਰੁੱਪ ਹੀ ਨਹੀਂ, ਸਗੋਂ ਸਾਰਾ ਭਾਰਤੀ ਉਦਯੋਗ ਅਤੇ ਵਿਸ਼ਵ ਨੇ ਇੱਕ ਮਹਾਨ ਆਦਮੀ ਨੂੰ ਗੁਆ ਦਿੱਤਾ ਹੈ, ਜਿਸਨੇ ਸਿਰਫ ਵਪਾਰਕ ਮੈਦਾਨ ਵਿੱਚ ਹੀ ਨਹੀਂ, ਬਲਕਿ ਸਮਾਜਿਕ ਖੇਤਰਾਂ ਵਿੱਚ ਵੀ ਮਹੱਤਵਪੂਰਨ ਯੋਗਦਾਨ ਦਿੱਤਾ।