ਬੀਤੇ ਦਿਨ ਟੋਰੌਂਟੋ ਦੇ ਨੇਥਨ ਫ਼ਿਲਿਪਸ ਸਕੇਅਰ ‘ਤੇ ਵੱਡੀ ਗਿਣਤੀ ਵਿਚ ਫ਼ਲਸਤੀਨੀ ਸਮਰਥਕ ਇਕੱਠੇ ਹੋਏ, ਪਰ ਉਨ੍ਹਾਂ ਕਿਹਾ ਕਿ ਉਹ ਹਮਾਸ ਵੱਲੋਂ ਇਜ਼ਰਾਈਲ ‘ਤੇ ਕੀਤੇ ਹਮਲੇ ਦੀ ਵਡਿਆਈ ਕਰਨ ਨਹੀਂ ਸਗੋਂ ਫ਼ਲਸਤੀਨੀ ਲੋਕਾਂ ਦੇ ਸਮਰਥਨ ਵਿਚ ਜਮਾਂ ਹੋਏ ਹਨ। ਪਰ ਅਜੇ ਵੀ ਕਈਆਂ ਨੇ ਹਮਾਸ ਵੱਲੋਂ ਕੀਤੇ ਹਮਲੇ ਦੀ ਨਿੰਦਾ ਕਰਨ ਤੋਂ ਇਨਕਾਰ ਕੀਤਾ। ਹਮਾਸ ਹਮਲੇ ਵਿਚ 900 ਤੋਂ ਵੱਧ ਇਜ਼ਰਾਈਲੀ ਹਲਾਕ ਹੋਏ ਹਨ। ਉਨ੍ਹਾਂ ਕਿਹਾ ਕਿ ਧਿਆਨ ਇਸ ਗੱਲ ‘ਤੇ ਹੋਣਾ ਚਾਹੀਦਾ ਹੈ ਕਿ ਕਿਸ ਤਰ੍ਹਾਂ ਇਜ਼ਰਾਈਲ ਨੇ ਫ਼ਲਸਤੀਨੀਆਂ ਨਾਲ ਬਦਸਲੂਕੀ ਕੀਤੀ ਹੈ ਅਤੇ ਦਹਾਕਿਆਂ ਤੋਂ ਫ਼ਲਸਤੀਨੀ ਜ਼ਮੀਨ ‘ਤੇ ਕਬਜ਼ਾ ਕੀਤਾ ਹੋਇਆ ਹੈ।
ਰੈਲੀ ਆਯੋਜਿਤ ਕਰਨ ਵਾਲੀ ਸੰਸਥਾ, ਫ਼ਲਸਤੀਨੀ ਯੂਥ ਮੂਵਮੈਂਟ ਦੀ ਟੋਰੌਂਟੋ ਇਕਾਈ ਨਾਲ ਜੁੜੀ, ਯੈਰਾ ਸ਼ੌਫ਼ਾਨੀ ਨੇ ਕਿਹਾ, ਸਵਾਲ ਇਹ ਨਹੀਂ ਹੈ ਕਿ ਕੀ ਅਸੀਂ ਹਮਲਿਆਂ ਦਾ ਸਮਰਥਨ ਕਰਦੇ ਹਾਂ। ਸਵਾਲ ਇਹ ਹੈ ਕਿ ਅਸੀਂ ਕਿਸ ਦੇ ਖਿਲਾਫ ਖੜੇ ਹਾਂ। ਸੰਸਥਾ ਨੇ ਇੰਸਟਾਗ੍ਰਾਮ ‘ਤੇ ਲਿਖਿਆ ਹੈ ਕਿ ਇਹ ਜ਼ਮੀਨੀ ਪੱਧਰ ‘ਤੇ, ਸੁਤੰਤਰ ਅੰਦੋਲਨ ਹੈ ਜੋ ਵਤਨ ਦੀ ਆਜ਼ਾਦੀ ਲਈ ਸੰਘਰਸ਼ ਕਰ ਰਿਹਾ ਹੈ। ਅਸੀਂ ਇੱਥੇ ਫ਼ਲਸਤੀਨੀ ਲੋਕਾਂ, ਫ਼ਲਸਤੀਨੀ ਰਾਸ਼ਟਰ, ਫ਼ਲਸਤੀਨ ਦੇ ਅੰਦਰ, ਬਾਹਰ, ਸ਼ਰਨਾਰਥੀ ਕੈਂਪਾਂ ਵਿੱਚ, ਸਾਰੇ ਸੰਸਾਰ ਵਿੱਚ ਘਰ ਵਾਪਸੀ ਲਈ ਲੜ ਰਹੇ ਫ਼ਲਸਤੀਨੀਆਂ ਦੇ ਸਮਰਥਨ ਵਿੱਚ ਆਏ ਹਾਂ।
ਡਾਊਨਟਾਊਨ ਟੋਰੌਂਟੋ ਦੀ ਇਹ ਰੈਲੀ ਸ਼ਾਂਤਮਈ ਸੀ। ਸਮਰਥਕਾਂ ਨੇ ਫ਼ਲਸਤੀਨੀ ਝੰਡੇ ਚੁੱਕੇ ਹੋਏ ਸਨ ਅਤੇ ਆਜ਼ਾਦ ਫ਼ਲਸਤੀਨ ਦੇ ਨਾਅਰੇ ਲਗਾ ਰਹੇ ਸਨ। ਸੋਮਵਾਰ ਨੂੰ ਕੈਲਗਰੀ, ਵੈਨਕੂਵਰ, ਵਿਨੀਪੈਗ ਅਤੇ ਹੈਲੀਫ਼ੈਕਸ ਵਿਚ ਵੀ ਫ਼ਲਸਤੀਨ ਪੱਖੀ ਮੁਜ਼ਾਹਰੇ ਕੀਤੇ ਗਏ। ਸੋਮਵਾਰ ਨੂੰ ਕੈਨੇਡਾ ਦੇ ਕਈ ਸ਼ਹਿਰਾਂ ਵਿਚ ਇਜ਼ਰਾਈਲ ਪੱਖੀ ਮੁਜ਼ਾਹਰੇ ਵੀ ਕੀਤੀ ਗਏ। ਪਰ ਫ਼ਲਸਤੀਨੀ ਮੁਜ਼ਾਹਰਿਆਂ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਯਹੂਦੀ ਸੰਸਥਾਵਾਂ ਅਤੇ ਕੁਝ ਸਿਆਸਤਦਾਨਾਂ ਨੇ ਫ਼ਲਸਤੀਨ ਪੱਖੀ ਰੈਲੀਆਂ ਨੂੰ ਇਜ਼ਰਾਈਲ ‘ਤੇ ਹੋਏ ਹਮਲਿਆਂ ਦੀ ਵਡਿਆਈ ਆਖਿਆ।
ਟ੍ਰੂਡੋ ਨੇ ਟਵੀਟ ਕੀਤਾ, ਹਿੰਸਾ ਦੀ ਵਡਿਆਈ ਕੈਨੇਡਾ ਵਿਚ ਅਸਵੀਕਾਰਨਯੋਗ ਹੈ। ਇਜ਼ਰਾਈਲ ‘ਤੇ ਹੋਏ ਹਮਾਸ ਹਮਲਿਆਂ ਦੇ ਸਮਰਥਨ ਵਿਚ ਕੈਨੇਡਾ ਭਰ ਵਿਚ ਹੋਏ ਅਤੇ ਹੋ ਰਹੇ ਮੁਜ਼ਾਹਰਿਆਂ ਦੀ ਮੈਂ ਸਖ਼ਤ ਨਿੰਦਾ ਕਰਦਾ ਹਾਂ।