ਅਮਰੀਕਾ ‘ਚ ਬਰਫੀਲੇ ਤੂਫਾਨ ਕਾਰਨ ਘੱਟੋ-ਘੱਟ 38 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਕਈ ਥਾਵਾਂ ‘ਤੇ ਬਰਫਬਾਰੀ ‘ਚ ਲੋਕ ਫਸ ਜਾਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ।ਅਮਰੀਕਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਤੂਫਾਨ ਨਾਲ ਸਬੰਧਤ ਘਟਨਾਵਾਂ ਜਿਵੇਂ ਕਾਰ ਹਾਦਸੇ, ਦਰੱਖਤ ਡਿੱਗਣ ਆਦਿ ਕਾਰਨ ਇਨ੍ਹਾਂ ਲੋਕਾਂ ਦੀ ਮੌਤ ਹੋਈ ਹੈ। ਤੇਜ਼ ਹਵਾਵਾਂ ਕਾਰਨ ਕਈ ਥਾਵਾਂ ‘ਤੇ ਦਰੱਖਤ ਡਿੱਗ ਗਏ ਅਤੇ ਬਿਜਲੀ ਦੀਆਂ ਤਾਰਾਂ ਵੀ ਟੁੱਟ ਗਈਆਂ। ਤੂਫਾਨ ਕਾਰਨ ਕੈਨੇਡਾ ਦੇ ਨੇੜੇ ਗ੍ਰੇਟ ਲੈਕਸ ਤੋਂ ਲੈ ਕੇ ਮੈਕਸੀਕੋ ਦੀ ਸਰਹੱਦ ਨਾਲ ਲੱਗਦੇ ਰੀਓ ਗ੍ਰਾਂਡੇ ਤੱਕ ਦਾ ਇਲਾਕਾ ਪ੍ਰਭਾਵਿਤ ਹੋਇਆ ਹੈ। ਰਾਸ਼ਟਰੀ ਮੌਸਮ ਸੇਵਾ ਦੇ ਅਨੁਸਾਰ, ਲਗਭਗ 60 ਪ੍ਰਤੀਸ਼ਤ ਅਮਰੀਕੀ ਆਬਾਦੀ ਮੌਸਮ ਸਲਾਹ ਜਾਂ ਚੇਤਾਵਨੀ ਦੇ ਅਧੀਨ ਹੈ।
ਬਿਜਲੀ ਸਪਲਾਈ ਵਿੱਚ ਵਿਘਨ ਪੈਣ ਕਾਰਨ ਕਈ ਇਲਾਕਿਆਂ ਵਿੱਚ ਘਰਾਂ ਅਤੇ ਵਪਾਰਕ ਅਦਾਰਿਆਂ ‘ਚ ਬਿਜਲੀ ਸਪਲਾਈ ਠੱਪ ਹੋ ਗਈ। ਘਰਾਂ ਅਤੇ ਵਾਹਨਾਂ ‘ਤੇ ਬਰਫ਼ ਦੀ ਮੋਟੀ ਪਰਤ ਫੈਲ ਗਈ ਹੈ। ਫਲਾਈਟ-ਟ੍ਰੈਕਿੰਗ ਵੈੱਬਸਾਈਟ FlightAware ਦੇ ਮੁਤਾਬਕ, ਐਤਵਾਰ ਨੂੰ ਲਗਭਗ 1,707 ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ। ਤੂਫਾਨ ਨੇ ਨਿਊਯਾਰਕ ਦੇ ਬਫੇਲੋ ‘ਚ ਸਭ ਤੋਂ ਜ਼ਿਆਦਾ ਤਬਾਹੀ ਮਚਾਈ ਹੈ। ਐਮਰਜੈਂਸੀ ਸੇਵਾਵਾਂ ਵਿਚ ਵੀ ਵਿਘਨ ਪਿਆ। ਬਰਫ਼ ਦੀ ਮੋਟੀ ਪਰਤ ਕਾਰਨ ਸ਼ਹਿਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ।