ਯਾਰਕ ਰੀਜਨਲ ਪੁਲਿਸ ਨੇ ਮਾਰਖਮ ਵਿੱਚ ਗਹਿਣਿਆਂ ਦੇ ਸਟੋਰ ਤੇ ਵਾਪਰੀ ਇਕ ਡਕੈਤੀ ਦੇ ਮਾਮਲੇ ਵਿੱਚ ਛੇ ਸ਼ੱਕੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਇਹ ਵਾਰਦਾਤ ਮਾਰਕਵਿਲ ਸ਼ੌਂਪਿੰਗ ਸੈਂਟਰ ਦੇ ਜਿਊਲਰੀ ਸਟੋਰ ਵਿੱਚ ਹੋਈ, ਜਿੱਥੇ ਲੁਟੇਰਿਆਂ ਨੇ ਹਥੌੜਿਆਂ ਨਾਲ ਸ਼ੋਅਕੇਸ ਤੋੜ ਕੇ ਗਹਿਣੇ ਚੁਰਾ ਲਏ। ਇਹ ਵਾਰਦਾਤ ਸੋਸ਼ਲ ਮੀਡੀਆ ‘ਤੇ ਵੀਡੀਓ ਦੇ ਰੂਪ ਵਿੱਚ ਵਾਇਰਲ ਹੋ ਰਹੀ ਹੈ।
ਇਸ ਘਟਨਾ ਨੂੰ ਅੱਖੀਂ ਦੇਖਣ ਵਾਲੀ ਇੱਕ ਭਾਰਤੀ ਮੂਲ ਦੀ ਔਰਤ ਨੇ ਦੱਸਿਆ ਕਿ ਹਾਲਾਤ ਬਹੁਤ ਖ਼ਤਰਨਾਕ ਸਨ। ਭਾਵੇਂ ਉਸ ਕੋਲ ਜਾਨ ਬਚਾ ਕੇ ਨਿਕਲਣ ਦਾ ਮੌਕਾ ਸੀ, ਪਰ ਡਰ ਦੇ ਮਾਰੇ ਉਹ ਉਥੇ ਹੀ ਅਟਕੀ ਰਹੀ। ਪੁਲਿਸ ਮੁਤਾਬਕ, ਲੁਟੇਰੇ ਇੱਕ ਹੌਂਡਾ ਸਿਵਿਕ ਗੱਡੀ ‘ਚ ਫਰਾਰ ਹੋਣ ਦੀ ਕੋਸ਼ਿਸ਼ ਕਰ ਰਹੇ ਸਨ ਜਦੋਂ ਉਹ ਸਾਹਮਣੇ ਜਾ ਰਹੀ ਇੱਕ ਹੋਰ ਕਾਰ ਨਾਲ ਟਕਰਾ ਗਏ। ਇਸ ਹਾਦਸੇ ਵਿੱਚ ਦੋ ਲੋਕਾਂ ਨੂੰ ਹਲਕੀਆਂ ਸੱਟਾਂ ਲੱਗੀਆਂ, ਪਰ ਸਟੋਰ ‘ਚ ਕੋਈ ਗੰਭੀਰ ਜ਼ਖਮੀ ਨਹੀਂ ਹੋਇਆ।
ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਪੈੜ ਲਗਾ ਕੇ ਛੇ ਸ਼ੱਕੀਆਂ ਨੂੰ ਇੱਕ ਰੈਸਟੋਰੈਂਟ ਦੇ ਬਾਥਰੂਮ ਤੋਂ ਗ੍ਰਿਫ਼ਤਾਰ ਕਰ ਲਿਆ। ਹਾਲਾਂਕਿ, ਕੁਝ ਹੋਰ ਸ਼ੱਕੀ ਵਾਰਦਾਤ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ। ਫਿਲਹਾਲ ਗ੍ਰਿਫ਼ਤਾਰ ਕੀਤੇ ਗਏ ਸ਼ੱਕੀਆਂ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਹੈ, ਅਤੇ ਉਨ੍ਹਾਂ ‘ਤੇ ਦੋਸ਼ ਆਇਦ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ।
ਇਸ ਤੋਂ ਇਲਾਵਾ, ਹਿਲਕ੍ਰੈਸਟ ਮਾਲ ਦੇ ਪੀਪਲਜ਼ ਜਿਊਲਰੀ ਸਟੋਰ ‘ਚ ਵੀ ਹਾਲ ਹੀ ਵਿੱਚ ਡਕੈਤੀ ਵਾਪਰੀ ਸੀ, ਜਿਥੇ ਚਾਰ ਲੁਟੇਰਿਆਂ ਨੇ ਗਹਿਣੇ ਚੁਰਾਏ ਤੇ ਸਟੋਰ ਦੇ ਕਰਮਚਾਰੀਆਂ ਨੂੰ ਹੰਸਾ ਦਿੱਤਾ। ਇਸ ਤਰ੍ਹਾਂ ਦੀ ਇੱਕ ਹੋਰ ਵਾਰਦਾਤ ਇਟੋਬੀਕੋ ਵਿੱਚ ਵੀ ਰਿਪੋਰਟ ਕੀਤੀ ਗਈ। ਹਾਲਾਂਕਿ, ਪੁਲਿਸ ਇਨ੍ਹਾਂ ਤਿੰਨ ਵਾਰਦਾਤਾਂ ਨੂੰ ਆਪਸ ਵਿੱਚ ਜੋੜ ਕੇ ਨਹੀਂ ਦੇਖ ਰਹੀ।
ਕੈਨੇਡਾ ਵਿੱਚ ਵਧ ਰਹੀਆਂ ਐਸੀ ਘਟਨਾਵਾਂ ਨਾਲ ਜੁੜੇ ਮੁੱਦੇ ਲੋਕਾਂ ਵਿੱਚ ਚਿੰਤਾ ਪੈਦਾ ਕਰ ਰਹੇ ਹਨ। ਪੁਲਿਸ ਵੱਲੋਂ ਲੋਕਾਂ ਨੂੰ ਚੌਕਸ ਰਹਿਣ ਅਤੇ ਕੋਈ ਵੀ ਸ਼ੱਕੀ ਗਤਿਵਿਧੀ ਦੇਖਣ ‘ਤੇ ਤੁਰੰਤ ਸੂਚਨਾ ਦੇਣ ਦੀ ਅਪੀਲ ਕੀਤੀ ਗਈ ਹੈ।