ਗਰੇਟਰ ਟੋਰਾਂਟੋ ਏਰੀਆ ਵਿੱਚ ਹੋ ਰਹੀਆਂ ਹਥਿਆਰਬੰਦ ਲੁੱਟਾਂ, ਘਰਾਂ ਵਿੱਚ ਡਾਕੇ, ਅਤੇ ਨਸ਼ਾ ਤਸਕਰੀ ਦੀਆਂ ਘਟਨਾਵਾਂ ਨਾਲ ਜੁੜੇ ਇਕ ਵੱਡੇ ਗਿਰੋਹ ਦਾ ਪਰਦਾਫ਼ਾਸ਼ ਕੀਤਾ ਗਿਆ ਹੈ। ਯਾਰਕ ਰੀਜਨਲ ਪੁਲਿਸ ਨੇ ‘ਪ੍ਰੌਜੈਕਟ ਸਕਾਈਫਾਲ’ ਦੇ ਤਹਿਤ ਕੀਤੀ ਕਾਰਵਾਈ ਦੌਰਾਨ 17 ਜਣਿਆਂ ਨੂੰ ਗ੍ਰਿਫ਼ਤਾਰ ਕਰਦੇ ਹੋਏ 14 ਮਿਲੀਅਨ ਡਾਲਰ ਦੇ ਨਸ਼ੀਲੇ ਪਦਾਰਥ, ਦੋ ਹੈਂਡਗੰਨਜ਼, ਅਤੇ ਇਕ ਸ਼ੌਟਗਨ ਬਰਾਮਦ ਕੀਤੀ ਹੈ।
ਇਸ ਕਾਰਵਾਈ ਵਿੱਚ ਟੋਰਾਂਟੋ ਅਤੇ ਪੀਲ ਰੀਜਨਲ ਪੁਲਿਸ ਦੀ ਵੀ ਸਹਾਇਤਾ ਲਿਆਈ ਗਈ। ਯਾਰਕ ਰੀਜਨਲ ਪੁਲਿਸ ਦੇ ਉਪ ਮੁਖੀ ਐਲਵੈਰੋ ਅਲਮੇਡਾ ਨੇ ਮੀਡੀਆ ਨੂੰ ਦੱਸਿਆ ਕਿ ਗ੍ਰਿਫ਼ਤਾਰ ਹੋਏ 17 ਸ਼ੱਕੀਆਂ ਵਿਚੋਂ ਛੇ ਸ਼ੱਕੀ ਪਹਿਲਾਂ ਹੀ ਹੋਰ ਮਾਮਲਿਆਂ ਵਿੱਚ ਜ਼ਮਾਨਤ ’ਤੇ ਬਾਹਰ ਸਨ। ਇਸ ਗ੍ਰਿਫਤਾਰੀ ਅਭਿਅਾਨ ਦੌਰਾਨ 48 ਵਾਰੰਟਾਂ ਦੀ ਤਾਮੀਲ ਕੀਤੀ ਗਈ ਅਤੇ 83 ਗੰਭੀਰ ਦੋਸ਼ ਲਗਾਏ ਗਏ ਹਨ।
ਇਸ ਪੜਤਾਲ ਦੀ ਸ਼ੁਰੂਆਤ ਦਸੰਬਰ 2023 ਵਿੱਚ ਹੋਈ, ਜਦੋਂ ਵੌਅਨ ਦੇ ਫੌਰੈਸਟ ਡਰਾਈਵ ਅਤੇ ਹਾਰਮੋਨੀਆ ਕ੍ਰਸੈਂਟ ਇਲਾਕੇ ਦੇ ਇਕ ਘਰ ਵਿੱਚ ਤਿੰਨ ਸ਼ੱਕੀ ਜਬਰਦਸਤੀ ਦਾਖਲ ਹੋਏ। ਉਨ੍ਹਾਂ ਨੇ ਪਰਿਵਾਰਕ ਮੈਂਬਰਾਂ ਨੂੰ ਬੰਦੂਕਾਂ ਦੀ ਨੋਕ ‘ਤੇ ਬੰਦੀ ਬਣਾ ਕੇ ਪੈਸਿਆਂ ਦੀ ਮੰਗ ਕੀਤੀ। ਇਸ ਦੌਰਾਨ ਇਕ ਔਰਤ ਨੇ ਸਹਾਸ ਦਿਖਾਉਂਦਿਆਂ 911 ’ਤੇ ਕਾਲ ਕੀਤੀ, ਜਿਸ ਨਾਲ ਪੁਲਿਸ ਮੌਕੇ ’ਤੇ ਪਹੁੰਚ ਗਈ।
ਪੁਲਿਸ ਅਤੇ ਲੁਟੇਰਿਆਂ ਵਿਚਾਲੇ ਹੋਈ ਮੁਕਾਬਲੇ ਦੌਰਾਨ, ਇਕ ਪੁਲਿਸ ਅਧਿਕਾਰੀ ਨੇ ਗੋਲੀਆਂ ਚਲਾਈਆਂ ਅਤੇ ਇਕ ਸ਼ੱਕੀ ਨੂੰ ਕਾਬੂ ਕਰ ਲਿਆ ਗਿਆ। ਉਸ ਸ਼ੱਕੀ ਕੋਲੋਂ ਭਰੀ ਹੋਈ ਪਸਤੌਲ ਬਰਾਮਦ ਹੋਈ। ਇਸ ਘਟਨਾ ਦੇ ਬਾਅਦ ਪੁਲਿਸ ਵੱਲੋਂ ਪੜਤਾਲ ਦਾ ਸਿਲਸਿਲਾ ਵਧਾਇਆ ਗਿਆ, ਜਿਸ ਨਾਲ ਇਸ ਵੱਡੇ ਗਿਰੋਹ ਦੀ ਸਾਜ਼ਿਸ਼ ਸਾਹਮਣੇ ਆਈ।
ਇਸ ਕਾਰਵਾਈ ਨਾਲ, ਯਾਰਕ ਰੀਜਨਲ ਪੁਲਿਸ ਨੇ ਸਿਰਫ਼ ਨਸ਼ਾ ਤਸਕਰੀ ਨੂੰ ਹੀ ਨਹੀਂ ਰੋਕਿਆ, ਬਲਕਿ ਗ੍ਰੇਟਰ ਟੋਰਾਂਟੋ ਏਰੀਆ ਦੇ ਵਸਨੀਕਾਂ ਲਈ ਸੁਰੱਖਿਆ ਨੂੰ ਪੱਕਾ ਕਰਨ ਵਿੱਚ ਵੀ ਇਕ ਮਹੱਤਵਪੂਰਨ ਕਦਮ ਚੁੱਕਿਆ ਹੈ।