(ਦਰਸ਼ਨ ਸਿੰਘ ਦਰਸ਼ਕ)- ਅਫਸੋਸ ਵੀ ਹੁੰਦਾ ਹੈ ਤੇ ਦੁੱਖ ਵੀ, ਜਦੋਂ ਇਹ ਖਬਰ ਪੜ੍ਹਦੇ ਹਾਂ ਜਾਂ ਦੇਖਦੇ ਹਾਂ ਕਿ ਕਰਨਾਟਕ ਦੇ ਇੱਕ ਸਕੂਲ ਵਿੱਚ ਇੱਕ ਮੁਸਲਿਮ ਲੜਕੀ ਜਿਸ ਦੇ ਹਿਜਾਬ ਪਹਿਨੀ ਹੋਈ ਹੈ ਤੇ ਹਿੰਦੂ ਲੜਕੇ ਜਿਨ੍ਹਾਂ ਕੋਲ ਭਗਵੇ ਝੰਡੇ ਲਏ ਹੁੰਦੇ ਹਨ ਤੇ ਉਹ ਉਸ ਲੜਕੀ ਦਾ ਵਿਰੋਧ ਕਰਦੇ ਹਨ ਤੇ ਉਹ ਲੜਕੇ ਵੀ ਉਨ੍ਹਾਂ ਲੜਕਿਆਂ ਦੇ ਵਿਰੋਧ ਵਿੱਚ-ਅੱਲਾ ਹੂ ਅਕਬਰ ਕਹਿੰਦੀ ਹੈ। ਕਰਨਾਟਕ ਸਰਕਾਰ ਨੇ ਉਨ੍ਹਾਂ ਕੱਪੜਿਆਂ ਉੱਤੇ ਪਾਬੰਦੀ ਲਗਾ ਦਿੱਤੀ, ਉਨ੍ਹਾਂ ਮੁਤਾਬਕ ਜੋ ਬਰਾਬਰਤਾ, ਏਕਤਾ ਅਤੇ ਸਮਾਜਿਕ ਸਦਭਾਵਨਾ ਨੂੰ ਖ਼ਰਾਬ ਕਰਦੇ ਹੋਣ। ਸਵਾਲ ਇਹ ਪੈਦਾ ਹੁੰਦਾ ਹੈ ਕਿ ਕੱਪੜੇ ਕਿਸ ਤਰ੍ਹਾਂ ਬਰਾਬਰਤਾ, ਏਕਤਾ ਅਤੇ ਸਮਾਜਿਕ ਸਦਭਾਵਨਾ ਨੂੰ ਖਰਾਬ ਕਰਦੇ ਹਨ। ਦੱਸਿਆ ਇਹ ਵੀ ਜਾਣਾ ਚਾਹੀਦਾ ਹੈ ਕਿ ਉਹ ਕਿਹੜੇ ਕੱਪੜੇ ਹਨ ਜਿਹੜੇ ਬਰਾਬਰਤਾ, ਏਕਤਾ ਅਤੇ ਸਮਾਜਿਕ ਸਦਭਾਵਨਾ ਨੂੰ ਖਰਾਬ ਨਹੀਂ ਕਰਦੇ। ਉਤਰੀ ਭਾਰਤ ਦਾ ਪਹਿਰਾਵਾ ਅਤੇ ਦੱਖਣੀ ਭਾਰਤ ਦੇ ਪਹਿਰਾਵੇ ਵਿੱਚ ਫਰਕ ਹੈ। ਪੰਜਾਬ ਅਤੇ ਹਰਿਆਣਾ ਦੇ ਪਹਿਰਾਵੇ ਵਿੱਚ ਫਰਕ ਹੈ। ਹੁਣ ਜੇਕਰ ਦੱਖਣ ਦੇ ਕਿਸੇ ਸੂਬੇ ਦਾ ਵਿਅਕਤੀ ਧੋਤੀ ਪਾ ਕੇ ਜੰਮੂ ਕਸ਼ਮੀਰ ਵਿੱਚ ਚਲਾ ਜਾਵੇ ਅਤੇ ਉਥੇ ਕੋਈ ਕੰਮ ਕਾਰ ਕਰਨ ਲੱਗ ਜਾਵੇ ਅਤੇ ਕਸ਼ਮੀਰ ਦੇ ਲੋਕ ਉਸ ਨੂੰ ਕਹਿਣ ਕਿ ਉਸ ਦੀ ਧੋਤੀ ਉਨ੍ਹਾਂ ਦੇ ਲਈ ਬਰਾਬਰਤਾ ਜਾਂ ਸਦਭਾਵਨਾ ਦੇ ਲਈ ਵੱਡੀ ਚੁਣੌਤੀ ਹੈ। ਪੰਜਾਬ ਵਿੱਚ ਸਿੱਖ ਪਗੜੀਧਾਰੀ ਹਨ ਅਤੇ ਇਸੇ ਪ੍ਰਕਾਰ ਉਨ੍ਹਾਂ ਦੇ ਬੱਚੇ ਵੀ ਪੱਗੜੀ ਪਹਿਨਦੇ ਹਨ ਤੇ ਜੇਕਰ ਉਹ ਕਰਨਾਟਕ ਦੀਆਂ ਸਿੱਖਿਆ ਸੰਸਥਾਵਾਂ ਵਿੱਚ ਪੜ੍ਹਨ ਜਾਣਗੇ ਤਾਂ ਉਨ੍ਹਾਂ ਵੀ ਵਿਰੋਧ ਹੋਵੇਗਾ। ਸਿੱਖ ਕੁੜੀਆਂ ਜੋ ਅੰਮ੍ਰਿਤਧਾਰੀ ਹਨ, ਉਨ੍ਹਾਂ ਵਿਚੋਂ ਕੁਝ ਕੇਸਕੀ ਬੰਨ੍ਹਦੀਆਂ ਹਨ ਤਾਂ ਉਨ੍ਹਾਂ ਦੇ ਲਈ ਵੀ ਕਰਨਾਟਕ ਦੀ ਵਿਦਿਅਕ ਸੰਸਥਾ ਚੁਣੌਤੀ ਬਣ ਜਾਵੇਗੀ।
ਕਰਨਾਟਕ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ। ਭਾਜਪਾ ਜਿਥੇ-ਜਿਥੇ ਵੀ ਸੱਤਾ ਵਿੱਚ ਹੈ, ਉਥੇ ਉਥੇ ਉਸ ਦੁਆਰਾ ਘੱਟ ਗਿਣਤੀਆਂ ਖਾਸ ਕਰਕੇ ਮੁਸਲਿਮ ਭਾਈਚਾਰੇ ਨੂੰ ਕਿਸੇ ਨਾ ਕਿਸੇ ਢੰਗ ਨਾ ਨਿਸ਼ਾਨਾ ਬਣਾਇਆ ਜਾਂਦਾ ਹੈ। ਇਹ ਨਿਸ਼ਾਨਾ ਬਣਾਇਆ ਜਾਣਾ ਅਸਲ ਵਿੱਚ ਦੇਸ਼ ਦੀ ਏਕਤਾ ਅਤੇ ਸਦਭਾਵਨਾ ਦੀ ਭਾਵਨਾ ਦੇ ਖਿਲਾਫ ਹੈ। ਇਹ ਸੋਚ ਸਾਡੀ ਧਰਮ ਨਿਰਪੱਖਤਾ ਦੇ ਖਿਲਾਫ ਹੈ। ਮੈਂ ਕੱਟੜਪੰਥੀ ਸਿੱਖ ਨਹੀਂ ਹਾਂ ਮੇਰੇ ਬੱਚਿਆਂ ਦੀ ਵਿਚਾਰਧਾਰਾ ਵੀ ਕੁਝ ਅਜਿਹੀ ਹੈ। ਮੈਂ ਜਾਂ ਉਹ ਗੁਰਦੁਆਰੇ ਜਾਣ ਜਾਂ ਨਾ ਜਾਣ ਪਰ ਉਨ੍ਹਾਂ ਨੂੰ ਕਦੇ ਇਹ ਨਹੀਂ ਸਿਖਾਇਆ ਜਾਂਦਾ ਕਿ ਉਹ ਦੂਜੇ ਧਰਮ ਦੇ ਧਾਰਮਿਕ ਸੰਸਥਾਵਾਂ ਨੂੰ ਨਫਰਤ ਦੇ ਨਾਲ ਦੇਖਣ। ਪੰਜਾਬ ਵਿੱਚ ਤਾਂ ਮੰਦਿਰ ਅਤੇ ਗੁਰਦੁਆਰਿਆਂ ਦੀਆਂ ਕੰਧਾਂ ਸਾਂਝੀਆਂ ਹਨ। ਪਟਿਆਲਾ ਵਿਖੇ ਵੱਡੀ ਨਦੀ ਕੋਲ ਗੁਰਦੁਆਰੇ ਅਤੇ ਮਸਜਿਦ ਦੀ ਕੰਧ ਸਾਂਝੀ ਹੈ। ਉਥੇ ਕਦੇ ਕੀਰਤਨ ਅਤੇ ਨਮਾਜ਼ ਪੜ੍ਹਨ ਉਤੇ ਰੱਫੜ ਪੈਦਾ ਨਹੀਂ ਹੋਇਆ। ਕਈ ਉਦਾਹਰਣਾਂ ਅਜਿਹੀਆਂ ਹਨ ਕਿ ਕਈ ਮੁਸਲਿਮ ਭਰਾ ਗੁਰਦੁਆਰਿਆਂ ਵਿੱਚ ਨਮਾਜ਼ ਪੜ੍ਹ ਲੈਂਦੇ ਹਨ ਜਦਕਿ ਹਰਿਆਣਾ ਵਿੱਚ ਮੁਸਲਮਾਨਾਂ ਵਿੱਚ ਖੁੱਲ੍ਹੇ ਦੇ ਵਿੱਚ ਜਾਂ ਪਾਰਕ ਅੰਦਰ ਨਮਾਜ਼ ਪੜ੍ਹਨ ਤੋਂ ਰੋਕਿਆ ਹੈ। ਮੈਂ ਮਹਿਸੂਸ ਕਰਦਾ ਹਾਂ ਕਿ ਕਦੇ ਨਾ ਕਦੇ ਭਾਜਪਾ ਦੀ ਸੋਚ ਮੇਰੀ ਪੱਗ ਉਤੇ ਵੀ ਭਾਰੀ ਪੈ ਸਕਦੀ ਹੈ। ਅਸਲ ਗੱਲ ਇਹ ਹੈ ਕਿ ਭਾਜਪਾ ਦਾ ਫਾਸ਼ੀਵਾਦ ਦੇਸ਼ ਦੀ ਬਰਾਬਰਤਾ, ਏਕਤਾ ਅਤੇ ਸਮਾਜਿਕ ਸਦਭਾਵਨਾ ਲਈ ਖਤਰਾ ਹੈ। ਇਸ ਨੂੰ ਸਾਰਿਆਂ ਨੂੰ ਸਮਝਣਾ ਚਾਹੀਦਾ ਹੈ ਕਿ ਕੱਟੜਵਾਦ ਸਾਰੇ ਧਰਮਾਂ ਲਈ ਵੀ ਹਾਨੀਕਾਰਕ ਹੈ ਤੇ ਦੇਸ਼ ਲਈ ਵੀ।