ਜ਼ੋਏ-ਜ਼ਾਹਰਾ ਰਹੇ ਨਾ ਜ਼ਰਾ ਕਾਇਮ, ਐਸਾ ਸਿੱਖਾਂ ਪਠਾਣਾਂ ਨੂੰ ਡੰਗਿਆ ਜੀ।
ਹਰੀ ਸਿੰਘ ਸਰਦਾਰ ਤਲਵਾਰ ਫੜਕੇ, ਮੂੰਹ ਸੈਆਂ ਪਠਾਣਾਂ ਦਾ ਰੰਗਿਆ ਜੀ।
ਅਫ਼ਜ਼ਲ ਖ਼ਾਨ ਪਠਾਣ ਦਲੇਰ ਯਾਰੋ, ਮੂੰਹ ਫੇਰ ਕੇ ਲੜਨ ਤੋਂ ਸੰਗਿਆ ਜੀ।
ਕਾਦਰਯਾਰ ਉਹ ਛਡ ਮੈਦਾਨ ਗਿਆ, ਦਰ੍ਹਾ ਜਾ ‘ਖ਼ੈਬਰ’ ਵਾਲਾ ਲੰਘਿਆ ਜੀ।
(ਰਜਿੰਦਰ ਸਿੰਘ)- ਜਦੋਂ ਇਤਿਹਾਸ ਦੇ ਪੰਨਿਆਂ ‘ਤੇ ਨਜ਼ਰ ਮਾਰਦੇ ਹਾਂ ਤਾਂ ਕੋਈ ਅਜਿਹਾ ਸੂਰਬੀਰ ਯੋਧਾ ਨਹੀਂ ਹੈ ਜਿਸ ਨੇ ਅਫਗਾਨ ਫੌਜ਼ਾਂ ਨੂੰ ਮਾਤ ਦਿੱਤੀ ਹੋਵੇ। ਅੱਜ ਵੀ ਦੇਖਦੇ ਹਾਂ ਕਿ ਦੁਨੀਆਂ ਦੀ ਵੱਡੀ ਤਾਕਤ ਮੰਨੇ ਜਾਂਦੇ ਦੇਸ਼ ਵੀ ਅਫਗਾਨੀਸਤਾਨ ਤੋਂ ਮੂੰਹ ਮੋੜ ਚੁੱਕੇ ਹਨ। ਪਰ ਖਾਲਸਾ ਰਾਜ ‘ਤੇ ਜਦੋਂ ਅਸੀਂ ਨਜਰ ਮਾਰਦੇ ਹਾਂ ਤਾਂ ਇਹ ਕਾਬਲ ਕੰਧਾਰ ਤੱਕ ਫੈਲਿਆ ਹੋਇਆ ਸੀ ਅਤੇ ਅਫਗਾਨਾਂ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਇੱਕ ਜਰਨੈਲ ਨੇ ਥਰ ਥਰ ਕੰਬਣ ਲਾ ਦਿੱਤਾ। ਇਹ ਮਹਾਨ ਜਰਨੈਲ ਸੀ ਸ. ਹਰੀ ਸਿੰਘ ਨਲੂਆ। ਜਿਨ੍ਹਾਂ ਨੇ ਆਪਣੀ ਬਹਾਦਰੀ ਦੇ ਨਾਲ ਅਫਗਾਨੀ ਪਠਾਣਾਂ ਪਾਸੋਂ ਵੀ ਆਪਣੀ ਸੂਰਬੀਰਤਾ ਦਾ ਲੋਹਾ ਮੰਨਵਾ ਲਿਆ।
ਸ. ਹਰੀ ਸਿੰਘ ਨਲੂਆ ਦਾ ਜਨਮ ਸ. ਗੁਰਦਿਆਲ ਸਿੰਘ ਦੇ ਘਰ ਮਾਤਾ ਧਰਮ ਕੌਰ ਦੀ ਕੁੱਖ ਤੋਂ 1791 ਈ. ਵਿੱਚ ਪਿੰਡ ਗੁਜਰਾਂਵਾਲੇ ਵਿਖੇ ਹੋਇਆ। ਨਲੂਆ ਜੀ ਜਿੱਥੇ ਸਸ਼ਤਰ ਕਲਾ ਵਿੱਚ ਨਿਪੁੰਨ ਸਨ ਉੱਥੇ ਹੀ 10 ਗ੍ਰੰਥਾਂ ਦੇ ਗਿਆਤਾ ਵੀ ਸਨ। ਇਸ ਤੋਂ ਇਲਾਵਾ ਵੱਖ-ਵੱਖ ਭਾਸ਼ਾਵਾਂ ਵਿੱਚ ਵੀ ਆਪ ਜੀ ਨੂੰ ਨਿਪੁੰਨਤਾ ਹਾਸਲ ਸੀ। ਮਹਾਰਾਜਾ ਰਣਜੀਤ ਸਿੰਘ ਜੀ ਨੇ ਹਰੀ ਸਿੰਘ ਨਲੂਆ ਨੂੰ ਮਹਿਜ਼ 15 ਸਾਲ ਦੀ ਉਮਰ ਵਿੱਚ ਆਪਣਾ ਨਿੱਜੀ ਸੁਰੱਖਿਆ ਕਰਮੀ ਨਿਯੁਕਤ ਕੀਤਾ ਸੀ ਜਿਸ ਦਾ ਕਾਰਨ ਸੀ ਹਰੀ ਸਿੰਘ ਨਲੂਆ ਦੀ ਸਸ਼ਤਰ ਕਲਾ। ਕਸੂਰ, ਪਿਸ਼ਾਵਰ ਮੁਲਤਾਨ ਆਦਿ ਦੀਆਂ ਵੱਡੀਆਂ ਜੰਗਾਂ ਵਿੱਚ ਸ. ਹਰੀ ਸਿੰਘ ਨਲੂਆ ਨੇ ਆਪਣੀ ਬਹਾਦਰੀ ਦਾ ਅਜਿਹਾ ਸਿੱਕਾ ਕਾਇਮ ਕੀਤਾ ਕਿ ਵੈਰੀ ਵੀ ਆਪ ਜੀ ਦਾ ਨਾਮ ਸੁਣ ਕੇ ਥਰ ਥਰ ਕੰਬਣ ਲੱਗ ਜਾਂਦੇ।
ਮੌਲਾਨਾ ਅਹਿਮਦ ਦੀਨ ਆਪਣੀ ਪੁਸਤਕ ਮੁਕੰਮਲ ਤਾਰੀਖ- ਕਸ਼ਮੀਰ ਵਿੱਚ ਲਿਖਦੇ ਹਨ ਕਿ ਨਲੂਆ ਦੀ ਵਜ੍ਹਾ ਤਸਮੀਆ ਕੇ ਮੁਤੱਲਅਕ ਮਸ਼ਹੂਰ ਹੈ ਕਿ ਰਾਜਾ ਨਲ ਜ਼ਮਾਨਾ ਕਦੀਮ ਮੇਂ ਏਕ ਬਹਾਦਰ ਅਰ ਸੁਜਾਤ ਰਾਜਾ ਥਾ। ਲੋਗੋਂ ਨੇ ਹਰੀ ਸਿੰਘ ਕੋ ਨਲ ਸੇ ਨਲੂਆ ਬਨਾ ਦੀਆ। ਨਲੂਆ ਸੇ ਮੁਰਾਦ, ਸ਼ੇਰ ਕੋ ਮਾਰਨੇ ਵਾਲਾ ਯਾ ਸ਼ੇਰ ਅਫ਼ਗਾਨ ਹੈ। ਚੂੰਕਿ ਹਰੀ ਸਿੰਘ ਨੇ ਭੀ ਸ਼ੇਰ ਮਾਰੇ ਥੇ ਇਸੀ ਲੀਏ ਉਸਕਾ ਨਾਮ ਨਲੂਆ ਮਸ਼ਹੂਰ ਹੂਆ।
ਇਸ ਤਰ੍ਹਾਂ ਸਰਦਾਰ ਹਰੀ ਸਿੰਘ ਨਲੂਆ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਹਮੇਸ਼ਾ ਹੀ ਉਹ ਢਾਲ ਬਣ ਕੇ ਖੜ੍ਹਾ ਰਿਹਾ ਜਿਸ ਨੂੰ ਨਾਂ ਹੀ ਦੁਸ਼ਮਣਾਂ ਵੱਲੋਂ ਚੀਰੀਆ ਜਾ ਸਕਿਆ ਅਤੇ ਨਾਂ ਹੀ ਇਸ ਢਾਲ ਦੇ ਹੁੰਦਿਆਂ ਕਦੀ ਮਹਾਰਾਜੇ ਨੂੰ ਸਰ ਕੀਤਾ ਜਾ ਸਕਿਆ।
ਕਹਿੰਦੇ ਹਨ ਇੱਕ ਵਾਰ ਜੰਗ ਏ ਮੈਦਾਨ ਅੰਦਰ ਸ. ਹਰੀ ਸਿੰਘ ਨਲੂਆ ਜਦੋਂ ਯੁੱਧ ਕਰ ਰਹੇ ਸਨ ਤਾਂ ਦੁਸ਼ਮਣ ਉਨ੍ਹਾਂ ਦਾ ਵਾਰ ਨਾਂ ਸਹਾਰ ਸਕਿਆ ਅਤੇ ਹੇਠਾਂ ਡਿੱਗ ਪਿਆ। ਸ. ਹਰੀ ਸਿੰਘ ਨਲੂਆ ਨੇ ਉਸ ਨੂੰ ਦੇਖ ਕੇ ਕਿਹਾ ਜਾ ਚਲਾ ਜਾ ਹਰੀ ਸਿੰਘ ਕਦੇ ਕਿਸੇ ਨਿਹੱਥੇ ਅਤੇ ਹੇਠਾਂ ਡਿੱਗੇ ਹੋਏ ‘ਤੇ ਵਾਰ ਨਹੀਂ ਕਰਦਾ।27 ਅਪ੍ਰੈਲ 1837 ਈ. ਨੂੰ ਮੁਹੰਮਦ ਖਾਨ, ਮਿਰਜ਼ਾ ਸਮੀ ਖਾਨ, ਅਮੀਰ ਅਖੂਨਜ਼ਾਦਾ, ਮੁੱਲਾਂ ਮੁਹੰਮਦ ਖਾਨ ਅਤੇ ਜ਼ਰੀਨ ਖਾਨ ਜਿਹੇ ਬਹਾਦਰ ਅਫਗਾਨ ਯੋਧਿਆਂ ਨੇ ਮਿਲ ਕੇ ਜ਼ਮਰੌਦ ਦੇ ਕਿਲ੍ਹੇ ‘ਤੇ ਹਮਲਾ ਕਰਨ ਲਈ ਚਾਲੇ ਪਾ ਦਿੱਤੇ।28 ਅਪ੍ਰੈਲ ਨੂੰ ਉਨ੍ਹਾਂ ਹਮਲਾ ਕੀਤਾ ਜਿਸ ਦਾ ਸਾਹਮਣਾ ਸ. ਮਹਾਂ ਸਿੰਘ ਦੀ ਅਗਵਾਈ ਵਿੱਚ ਖਾਲਸਾ ਫੌਜ਼ ਨੇ ਬੜੀ ਬਹਾਦਰੀ ਨਾਲ ਕੀਤਾ ਪੂਰਾ ਦਿਨ ਅਫਗਾਨ ਫੌਜ਼ ਨੂੰ ਇੱਕ ਪੈਰ ਵੀ ਅੱਗੇ ਨਾਂ ਪੁੱਟਣ ਦਿੱਤਾ।
29 ਤਾਰੀਖ ਨੂੰ ਮੁੜ ਦੋਵੇਂ ਫੌਜਾਂ ਆਹਮਣੇ ਸਾਹਮਣੇ ਹੋਈਆਂ। ਅਫਗਾਨਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ ਇਸ ਦਿਨ ਸ਼ਾਮ ਹੋਣ ਤੱਕ ਅਫਗਾਨ ਫੌਜਾਂ ਕਿਲ੍ਹੇ ਨੂੰ ਘੇਰਾ ਪਾਉਣ ‘ਚ ਕਾਮਯਾਬ ਹੋ ਗਈਆਂ ।ਹਾਲਾਤ ਇਹ ਬਣ ਗਏ ਕਿ ਤੋਪ ਦੇ ਇੱਕ ਗੋਲੇ ਨਾਲ ਕਿਲ੍ਹੇ ਦੀ ਕੰਧ ਡਿੱਗ ਗਈ। ਭਾਵੇਂ ਰਾਤ ਹੋ ਚੁਕੀ ਸੀ ਅਤੇ ਅਫਗਾਨਾਂ ਦੀ ਗਿਣਤੀ ਬਹੁਤ ਜਿਆਦਾ ਸੀ ਪਰ ਕਿਲ੍ਹੇ ਅੰਦਰ ਜਾਣ ਦੀ ਕਿਸੇ ਦੀ ਹਿੰਮਤ ਨਹੀਂ ਸੀ ਕਾਰਨ ਸੀ ਖਾਲਸੇ ਦਾ ਖੌਫ। ਭਾਈ ਮਹਾ ਸਿੰਘ ਨੇ ਸਾਰੀ ਫੌਜ਼ ਨੂੰ ਇਕੱਤਰ ਕਰਕੇ ਅਜਿਹੀ ਯੋਗ ਅਗਵਾਈ ਕੀਤੀ ਕਿ ਸਾਰੀ ਫੌਜ਼ ਵਿੱਚ ਨਵੀਂ ਰੂਹ ਫੂਕ ਦਿੱਤੀ।ਉੱਧਰ ਸ. ਮਹਾ ਸਿੰਘ ਜੀ ਨੇ ਖਾਲਸਾ ਰਾਜ ਦੇ ਥੰਮ੍ਹ ਹਰੀ ਸਿੰਘ ਨਲੂਆ ਨੂੰ ਵੀ ਚਿੱਠੀ ਲਿਖ ਦਿੱਤੀ। ਉਨ੍ਹਾਂ ਲਿਖਿਆ ਕਿ
“ਜੀ ਨਹੀਂ ਸੀ ਚਾਹੁੰਦਾ ਕਿ ਆਪ ਜੀ ਨੂੰ ਬੀਮਾਰੀ ਦੀ ਹਾਲਤ ਵਿੱਚ ਇਸ ਆਪਦਾ ਵਿਖੇ ਆਪਣੇ ਨਾਲ ਰਲਾਇਆ ਜਾਏ। ਅਸੀਂ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਹਾਂ ਕਿ ਪਿਸ਼ਾਵਰ ਵਿੱਚ ਫ਼ੌਜ ਬਹੁਤ ਹੀ ਘੱਟ ਹੈ ਅਤੇ ਲਾਹੌਰੋਂ ਹੁਣ ਪਹੁੰਚ ਨਹੀਂ ਸਕਦੀ, ਪਰ ਕਿਲ੍ਹੇ ਦੇ ਖ਼ਾਲਸੇ ਦਾ ਇਹ ਫ਼ੈਸਲਾ ਹੈ ਕਿ ਅੱਜ ਦੇ ਹਾਲ ਆਪ ਜੀ ਤੀਕ ਪਹੁੰਚਾਏ ਜਾਣ। ‘ਫਤੇ ਗੜ੍ਹ’ ਦੀ ਬਾਹਰਲੀ ਫ਼ਸੀਲ ਦਾ ਬਹੁਤ ਸਾਰਾ ਹਿੱਸਾ ਦਰਵਾਜ਼ੇ ਦੇ ਲਾਗਿਓਂ ਅੱਜ ਸ਼ਾਮ ਨੂੰ ਵੈਰੀ ਦੀਆਂ ਤੋਪਾਂ ਦੇ ਗੋਲਿਆਂ ਦੀ ਮਾਰ ਨਾਲ ਡਿੱਗ ਪਿਆ ਸੀ, ਜਿਸ ਨੂੰ ਕਿਲ੍ਹੇ ਦਾ ਖ਼ਾਲਸਾ ਇਸ ਵਕਤ ਬੜੀ ਹਿੰਮਤ, ਦਲੇਰੀ ਤੇ ਚੜ੍ਹਦੀਆਂ ਕਲਾਂ ਵਿੱਚ ਰੇਤ ਭਰੀਆਂ ਬੋਰੀਆਂ ਨਾਲ ਪੂਰ ਰਿਹਾ ਹੈ, ਆਸ਼ਾ ਹੈ ਰਾਤ ਇਹ ਖੱਪਾ ਠੀਕ ਹੋ ਜਾਏਗਾ। ਅੱਜ ਉਸ ਸਮੇਂ ਸਤਿਗੁਰੂ ਨੇ ਖ਼ਾਲਸੇ ਦੀ ਪੈਜ ਰੱਖ ਲਈ ਕਿ ਵੈਰੀ ਫ਼ਸੀਲ ਦੇ ਡਿੱਗਦਿਆਂ ਸਾਰ ਕਿਲ੍ਹੇ ਪਰ ਧਾਵਾ ਕਰਨ ਦਾ ਹੀਆ ਨਾ ਕਰ ਸਕਿਆ, ਨਹੀਂ ਤਾਂ ਇਹ ਅੰਤਮ ਸੰਦੇਸ਼ਾ ਸ਼ਾਇਦ ਆਪ ਜੀ ਦੀ ਸੇਵਾ ਵਿੱਚ ਭੇਟਾ ਨਾਂ ਹੋ ਸਕਦਾ। ਪ੍ਰਤੀਤ ਹੋ ਰਿਹਾ ਹੈ ਕਿ ਸਵੇਰ ਸਾਰ ਅਫ਼ਗਾਨਾਂ ਨੇ ਕਿਲ੍ਹੇ ਪਰ ਹੱਲਾ ਕਰਨਾ ਹੈ ਅਤੇ ਖ਼ਾਲਸੇ ਦਾ ਤੇ ਆਪ ਦਾ ਅਤਿ ਪਿਆਰਾ ‘ਫ਼ਤੇ ਗੜ੍ਹ’ ਜ਼ਮੀਨ ਨਾਲ ਮਿਲਾ ਦਿੱਤਾ ਜਾਣਾ ਹੈ, ਪਰ ਆਪ ਇਹ ਗੱਲ ਸੁਣ ਕੇ ਅਤਿ ਪ੍ਰਸੰਨ ਹੋਵੋਗੇ ਕਿ ਆਪ ਨੇ ਜਿਨ੍ਹਾਂ ਜੁਆਨਾਂ ਪਰ ਭਰੋਸਾ ਕਰਕੇ ਇਸ ਕਿਲ੍ਹੇ ਦੀ ਇੱਜ਼ਤ ਉਨ੍ਹਾਂ ਦੇ ਹੱਥ ਸੌਂਪੀ ਸੀ, ਉਨ੍ਹਾਂ ਵਿੱਚੋਂ ਇੱਕ ਭੀ ਐਸਾ ਨਹੀਂ ਨਿਕਲਿਆ, ਜਿਸ ਨੇ ਕੌਮ ਦੀ ਇੱਜ਼ਤ ਦੇ ਟਾਕਰੇ ਪਰ ਆਪਣੀ ਜਾਨ ਨੂੰ ਵਧੇਰੇ ਪਿਆਰਾ ਸਮਝਿਆ ਹੋਵੇ। ਇਸ ਸਮੇਂ ਫੱਟੜਾਂ ਤੇ ਬੀਮਾਰਾਂ ਤੋਂ ਛੁੱਟ ਸੱਤ ਕੁ ਸੌ ਦਾ ਟਿਕਾਣਾ ਸੂਰਮੇ ਕਿਲ੍ਹੇ ਵਿੱਚ ਹਨ। ਅੱਜ ਇਨ੍ਹਾਂ ਸਾਰਿਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਪ੍ਰਣ ਕੀਤਾ ਹੈ ਕਿ ਜਦ ਤੀਕ ਸਾਡੀਆਂ ਰਗਾਂ ਵਿੱਚ ਲਹੂ ਦਾ ਛੇਕੜਲਾ ਤੁਬਕਾ ਬਾਕੀ ਹੈ, ਖ਼ਾਲਸਈ ਝੰਡੇ ਦੀ ਕੋਈ ਬੇਇੱਜ਼ਤੀ ਨਹੀਂ ਕਰ ਸਕੇਗਾ। ਇਸ ਤੋਂ ਪਿੱਛੋਂ ਸ਼ਾਇਦ ਸਾਡੇ ਵੱਲੋਂ ਆਪ ਨੂੰ ਕੋਈ ਖ਼ਤ ਨਾਂ ਪਹੁੰਚ ਸਕੇਗਾ। ਹੁਣ ਕਿਲ੍ਹੇ ਦੇ ਸਰੱਬਤ ਖ਼ਾਲਸ ਵੱਲੋਂ ਸਤਿਕਾਰ ਭਰੇ ਦਿਲ ਨਾਲ ਅੰਤਮ ਸ੍ਰੀ ਵਾਹਿਗੁਰੂ ਕਾ ਖ਼ਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫ਼ਤਹ ਪਰਵਾਨ ਹੋਵੇ।
ਆਪ ਦਾ ਨਿਵਾਜਿਆ ਮਹਾਂ ਸਿੰਘ ਅਤੇ
‘ਫਤੇ ਗੜ੍ਹ’ ਦਾ ਸਮੂੰਹ ਖ਼ਾਲਸਾ
ਮਿਤੀ ੧੭ ਵੈਸਾਖ ਸੰਮਤ ਬਿ: ੧੮੯੪
ਇਹ ਪੱਤਰ ਹਰੀ ਸਿੰਘ ਨਲੂਆ ਨੂੰ 30 ਅਪ੍ਰੈਲ ਵਾਲੇ ਦਿਨ ਸਵੇਰ ਵੇਲੇ ਮਿਲਿਆ। ਉਸ ਵਕਤ ਉਨ੍ਹਾਂ ਦੀ ਸਿਹਤ ਠੀਕ ਨਹੀਂ ਸੀ ਅਤੇ ਹਕੀਮਾਂ ਵੱਲੋਂ ਜਰਨੈਲ ਨੂੰ ਅਰਾਮ ਕਰਨ ਲਈ ਕਿਹਾ ਗਿਆ ਸੀ। ਪਰ ਇਹ ਪੱਤਰ ਮਿਲਦਿਆਂ ਹੀ ਆਪਣੇ ਸਾਥੀ ਜਰਨੈਲ ਸ. ਨਿਧਾਨ ਸਿੰਘ ਪੰਜ ਹੱਥਾ ਅਮਰ ਸਿੰਘ ਖੁਰਦ ਨੂੰ ਨਾਲ ਲੈ ਕੇ ਖਾਲਸਾ ਫੌਜ਼ ਸਮੇਤ ਤਿੰਨ ਪਾਸਿਆਂ ਤੋਂ ਅਫਗਾਨਾਂ *ਤੇ ਹਮਲਾ ਕਰ ਦਿੱਤਾ। ਹਰੀ ਸਿੰਘ ਨਲੂਆ ਦੀ ਅਗਵਾਈ ਵਿੱਚ ਕੀਤਾ ਗਿਆ ਇਹ ਹਮਲਾ ਇੰਨਾ ਜ਼ੋਸ਼ੀਲਾ ਸੀ ਕਿ ਅਫਗਾਨਾਂ ਦੇ ਪੈਰਾਂ ਥੱਲੋਂ ਜ਼ਮੀਨ ਨਿੱਕਲ ਗਈ। ਖਾਲਸਾ ਫੌਜ਼ ਨੇ ਅਫਗਾਨਾਂ ਨੂੰ ਮੈਦਾਨੇ ਜੰਗ ਛੱਡ ਕੇ ਭੱਜਣ ਲਈ ਮਜਬੂਰ ਕਰ ਦਿੱਤਾ।ਪਰ ਜਦੋਂ ਅਫਗਾਨ ਮੈਦਾਨ ਵਿੱਚੋਂ ਦੌੜ ਰਹੇ ਸਨ ਤਾਂ ਸ. ਨਿਧਾਨ ਸਿੰਘ ਨੇ ਉਨ੍ਹਾਂ ਨੂੰ ਸਬਕ ਸਿਖਾਉਣ ਆਪਣੇ 1400 ਸਾਥੀ ਲੈ ਕੇ ਪਿੱਛਾ ਕੀਤਾ ਅਤੇ ਦਰੇ ਦੇ ਅੰਦਰ ਚਲਾ ਗਿਆ। ਇਹ ਦੇਖ ਸ. ਹਰੀ ਸਿੰਘ ਨਲੂਆ ਵੀ ਆਪਣੇ ਸਾਥੀ ਦੀ ਮਦਦ ਲਈ ਗਿਆ। ਪਰ ਉੱਥੇ ਦਰੇ ਵਿੱਚ ਪਹਿਲਾਂ ਹੀ ਕੁਝ ਅਫਗਾਨ ਛੁਪੇ ਬੈਠੇ ਸਨ ਜਿਨ੍ਹਾਂ ਲੁਕ ਕੇ ਸ. ਨਲੂਆ ‘ਤੇ ਗੋਲੀਆਂ ਚਲਾ ਦਿੱਤੀਆਂ। ਅਫਗਾਨਾਂ ਦੀ ਇਹ ਹਰਕਤ ਦੇਖ ਖਾਲਸੇ ਨੇ ਉੱਥੇ ਮੌਤ ਦਾ ਤਾਂਡਵ ਮਚਾ ਦਿੱਤਾ। ਉੱਧਰ ਹਰੀ ਸਿੰਘ ਨਲੂਆ ਆਪਣੇ ਘੋੜੇ ਸਮੇਤ ਵਾਪਸ ਕਿਲੇ ਅੰਦਰ ਆ ਗਿਆ। ਜਦੋਂ ਸ. ਮਹਾਂ ਸਿੰਘ ਨੇ ਸਰਦਾਰ ਦੀ ਹਾਲਤ ਤੱਕੀ ਤਾਂ ਉਨ੍ਹਾਂ ਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ।ਹਰੀ ਸਿੰਘ ਨਲੂਆ ਦੇ ਫੱਟਾਂ ਵਿੱਚੋਂ ਬਹੁਤ ਜਿਆਦਾ ਖੂਨ ਵਹਿ ਚੁਕਾ ਸੀ। ਭਾਵੇਂ ਹਕੀਮਾਂ ਵੱਲੋਂ ਇਲਾਜ ਕੀਤਾ ਗਿਆ ਪਰ ਉਸ ਸਮੇਂ ਤੱਕ ਦੇਰ ਹੋ ਚੁਕੀ ਸੀ ਤੇ ਇਹ ਬਹਾਦਰ ਜਰਨੈਲ ਸਦਾ ਲਈ ਖਾਲਸਾ ਫੌਜ਼ ਨੂੰ ਛੱਡ ਕੇ ਚਲਾ ਗਿਆ।
ਜਾਂ ਕੋ ਸੁਨ ਨਾਮ, ਓ ਬਹਾਦੁਰੀ ਕੇ ਕਾਮ, ਦੇਖ ਨੀਤ ਪ੍ਰੀਤ ਸ਼ਾਮ, ਸਭ ਮੁਗ਼ਲ ਠਹਿਰਾਏ ਜਾਤ।
ਧਿਆਵਤ ਜੀਆ ਤੇ, ਜੋਊ ਬੀਰ ਸੁਨ ਪਾਤੇ, ਉਪਮਾ ਦੁਸ਼ਮਨ ਭੀ ਗਾਤੇ, ਦੇਖ ਸੁਧ ਵਿਸਰਾਏ ਜਾਤ।
ਦਸਮ ਗੁਰੂ ਜੀ ਪਿਆਰੇ, ਬੀਰ ਰਸ ਕੇ ਸੰਵਾਰੇ, ਸੱਤ ਧਰਮ ਰਖਵਾਰੇ, ਕਰੁਨਾ ਰਸੁ ਵਰਸਾਏ ਜਾਤ।
ਗਏ ਜਗਤ ਹੂੰ ਕੋ ਛੋੜ, ਏਸ ਠੀਕਰੇ ਕੋ ਫ਼ੋੜ, ਮਹਾਰਾਜ ਹਰਿਦੇ ਤੋੜ, ਹਰੀ ਹਰ ਪਦ ਪਾਏ ਜਾਤ।
ਇਸ ਅਦੁੱਤੀ ਜਰਨੈਲ ਦੀ ਸ਼ਹਾਦਤ ਸਮੇਂ ਮਹਾਰਾਜੇ ਨੇ ਅੱਥਰੂ ਕੇਰਦਿਆਂ ਕਿਹਾ, ਮੈਨੂੰ ਅੱਜ ਸਿੱਖ ਰਾਜ ਦਾ ਥੰਮ੍ਹ ਡਿਗਣ ਦਾ ਅਹਿਸਾਸ ਹੋਇਆ ਹੈ। ਕਲਗੀਧਰ ਪਾਤਸ਼ਾਹ ਦੇ ਇਸ ਮਹਾਨ ਯੋਧੇ ਦੀ ਕੁਰਬਾਨੀ ਦਾ ਜ਼ਿਕਰ ਅੱਜ ਵੀ ਬੜੇ ਮਾਣ ਨਾਲ ਕੀਤਾ ਜਾਂਦਾ ਹੈ।ਸਿੱਖ ਕੌਮ ਲਈ ਬੜੇ ਫਖਰ ਵਾਲੀ ਗੱਲ ਹੈ ਜਦੋਂ ਦੇਸ਼ ਦੁਨੀਆਂ ਦੇ ਮਹਾਨ ਸੂਰਬੀਰ ਯੋਧਿਆਂ ਦੀ ਗੱਲ ਚੱਲੀ ਤਾਂ ਅੱਜ ਹਰੀ ਸਿੰਘ ਨਲੂਆ ਦਾ ਨਾਮ ਸਭ ਤੋਂ ਉੱਪਰ ਲਿਖਿਆ ਗਿਆ।