ਵਾਸ਼ਿੰਗਟਨ: ਭਾਰਤ ਅਤੇ ਇਸ ਦੇ ਗੁਆਂਢੀ ਦੇਸ਼ਾਂ ਵਿੱਚ ਹੀ ਨਹੀਂ ਸਗੋਂ ਅਮਰੀਕਾ ਵਿੱਚ ਵੀ ਮਹਿੰਗਾਈ ਨੇ ਰਿਕਾਰਡ ਤੋੜ ਦਿੱਤੇ ਹਨ। ਅਮਰੀਕੀ ਲੇਬਰ ਵਿਭਾਗ ਦੇ ਤਾਜ਼ਾ ਅੰਕੜਿਆਂ ਅਨੁਸਾਰ ਦੇਸ਼ ਵਿੱਚ ਮਹਿੰਗਾਈ ਨੇ ਪਿਛਲੇ 41 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ।
ਅਮਰੀਕਾ ਵਿਚ ਮਈ ਵਿਚ ਮਹਿੰਗਾਈ ਦਰ 8.6 ਫੀਸਦੀ ਦੇ ਚਾਰ ਦਹਾਕਿਆਂ ਦੇ ਉੱਚ ਪੱਧਰ ‘ਤੇ ਸੀ। ਅੰਕੜਿਆਂ ਦੇ ਜਾਰੀ ਹੋਣ ਤੋਂ ਬਾਅਦ, ਅਮਰੀਕੀ ਸਟਾਕ ਮਾਰਕੀਟ ਦਾ ਪ੍ਰਮੁੱਖ ਸੂਚਕ ਅੰਕ – ਡਾਓ ਜੋਂਸ 880 ਅੰਕ ਜਾਂ 2.73% ਡਿੱਗ ਕੇ 31,393 ਅੰਕ ‘ਤੇ ਬੰਦ ਹੋਇਆ।
ਇਸ ਦੇ ਨਾਲ ਹੀ, S&P-500 ਵੀ ਲਗਭਗ 3 ਪ੍ਰਤੀਸ਼ਤ ਹੇਠਾਂ ਸੀ। ਅਮਰੀਕੀ ਸ਼ੇਅਰ ਬਾਜ਼ਾਰਾਂ ‘ਚ ਆਈ ਗਿਰਾਵਟ ਦਾ ਅਸਰ ਸੋਮਵਾਰ ਨੂੰ ਭਾਰਤੀ ਬਾਜ਼ਾਰ ‘ਤੇ ਦੇਖਿਆ ਜਾ ਸਕਦਾ ਹੈ।
ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਸੈਂਸੈਕਸ 1,016 ਅੰਕ ਭਾਵ 1.84 ਫੀਸਦੀ ਡਿੱਗ ਕੇ 54,303 ਅੰਕਾਂ ‘ਤੇ ਆ ਗਿਆ। ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 276.30 ਅੰਕ ਜਾਂ 1.68 ਫੀਸਦੀ ਦੀ ਗਿਰਾਵਟ ਨਾਲ 16,202 ਅੰਕਾਂ ‘ਤੇ ਬੰਦ ਹੋਇਆ।