ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਅਤੇ ਦਿੱਲੀ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਵਿੱਚ ਮੂਸੇਵਾਲਾ ਕਤਲ ਕਾਂਡ ਦੇ ਭਗੌੜੇ ਮੁਲਜ਼ਮ ਦੀਪਕ ਉਰਫ਼ ਮੁੰਡੀ ਨੂੰ ਉਸ ਦੇ ਦੋ ਸਾਥੀਆਂ ਕਪਿਲ ਪੰਡਿਤ ਅਤੇ ਰਜਿੰਦਰ ਸਣੇ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਦੀਪਕ ਮੁੰਡੀ ਨੂੰ ਹਵਾਈ ਰਸਤਿਓਂ ਬਾਗਡੋਗਰਾ ਹਵਾਈ ਅੱਡੇ ਤੋਂ ਦਿੱਲੀ ਲੈ ਕੇ ਆਇਆ ਜਾਵੇਗਾ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਦੀਪਕ ਮੁੰਡੀ, ਕਪਿਲ ਪੰਡਿਤ ਅਤੇ ਰਜਿੰਦਰ ਨੂੰ ਏਜੀਟੀਐਫ ਟੀਮ ਨੇ ਪੱਛਮੀ ਬੰਗਾਲ-ਨੇਪਾਲ ਸਰਹੱਦ ‘ਤੇ ਇੱਕ ਖੁਫੀਆ ਆਪਰੇਸ਼ਨ ਵਿੱਚ ਗ੍ਰਿਫਤਾਰ ਕੀਤਾ ਸੀ। ਦੀਪਕ ਬੋਲੇਰੋ ਮੋਡੀਊਲ ਵਿੱਚ ਸ਼ੂਟਰ ਸੀ, ਜਦਕਿ ਕਪਿਲ ਪੰਡਿਤ ਅਤੇ ਰਜਿੰਦਰ ਨੇ ਹਥਿਆਰਾਂ ਅਤੇ ਲੁਕਣ ਲਈ ਟਿਕਾਣਿਆਂ ‘ਚ ਸਹਾਇਤਾ ਦਿੱਤੀ ਸੀ।
ਮੂਸੇਵਾਲਾ ਕਤਲ ਕਾਂਡ ਵਿੱਚ ਬੋਲੈਰੋ ਅਤੇ ਕੋਰੋਲਾ ਗੱਡੀ ਦੀ ਵਰਤੋਂ ਕੀਤੀ ਗਈ ਸੀ। ਦੀਪਕ ਮੁੰਡੀ ਬੋਲੈਰੋ ‘ਚ ਸੀ। ਇਸ ਦੀ ਅਗਵਾਈ ਹਰਿਆਣਾ ਦੇ ਸ਼ਾਰਪ ਸ਼ੂਟਰ ਪ੍ਰਿਅਵਰਤ ਫੌਜੀ ਨੇ ਕੀਤੀ। ਉਸ ਦੇ ਨਾਲ ਅੰਕਿਤ ਸਿਰਸਾ ਅਤੇ ਕਸ਼ਿਸ਼ ਵੀ ਸਨ। ਮੂਸੇਵਾਲਾ ਦੇ ਕਤਲ ਤੋਂ ਬਾਅਦ ਚਾਰੋਂ ਗੁਜਰਾਤ ਭੱਜ ਗਏ ਸਨ। ਫਰਾਰ ਦੀਪਕ ਮੁੰਡੀ 8 ਜੁਲਾਈ ਦੇ ਕਰੀਬ ਤਰਨਤਾਰਨ ‘ਚ ਸਭ ਤੋਂ ਵੱਖ ਹੋ ਗਿਆ। ਮੂਸੇਵਾਲਾ ਕਤਲ ਕਾਂਡ ਵਿੱਚ ਪਹਿਲਾਂ ਵੀ ਤਿੰਨ ਸ਼ੂਟਰ ਫੜੇ ਜਾ ਚੁੱਕੇ ਹਨ ਅਤੇ ਦੋ ਪੁਲਿਸ ਮੁਕਾਬਲੇ ਵਿੱਚ ਮਾਰੇ ਜਾ ਚੁੱਕੇ ਹਨ।