ਅਕਾਲ ਤਖ਼ਤ ਨੇ ਚੀਨ ਤੋਂ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਕਰਵਾਉਣ ਵਾਲੇ ਤਮਿੰਦਰ ਸਿੰਘ ਨੂੰ ਪੰਥ ਚੋਂ ਛੇਕ ਦਿੱਤਾ ਅਤੇ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ‘ਤਨਖਾਹ’ (ਧਾਰਮਿਕ ਸਜ਼ਾ) ਸੁਣਾ ਮੁਆਫੀ ਦਿੱਤੀ ਹੈ। ਇਹ ਫੈਸਲਾ ਸ਼ਨੀਵਾਰ ਨੂੰ ਹੋਈ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਤੋਂ ਬਾਅਦ ਲਿਆ ਗਿਆ।
ਲੰਗਾਹ ਨੂੰ 5 ਅਕਤੂਬਰ, 2017 ਨੂੰ ਇੱਕ ਔਰਤ ਨਾਲ ਇਤਰਾਜ਼ਯੋਗ ਸਥਿਤੀ ਵਿੱਚ ਦਿਖਾਏ ਜਾਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਅਕਾਲ ਤਖ਼ਤ ਨੇ ਉਸ ਨੂੰ ਪੰਥ ਚੋਂ ਛੇਕ ਦਿੱਤਾ ਸੀ।
ਸਿੰਘ ਸਾਹਿਬਾਨਾਂ ਨੇ ਗੁਰਬਾਣੀ ਦੀਆਂ ਲਗਾਂ ਮਾਤਰਾਂ ਨਾਲ ਛੇੜਛਾੜ ਕਰਨ, ਚੀਨ ਤੋਂ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਕਰਵਾਉਣ ਵਾਲੇ ਤਮਿੰਦਰ ਸਿੰਘ ਨੂੰ ਵੀ ਪੰਥ ਚੋਂ ਛੇਕ ਦਿੱਤਾ। ਹਾਲਾਂਕਿ ਉਹ ਵਿਅਕਤੀਗਤ ਤੌਰ ‘ਤੇ ਪੇਸ਼ ਨਹੀਂ ਹੋਇਆ, ਪਰ ਉਸਦੇ ਤਿੰਨ ਸਾਥੀ – ਗੁਰਦਰਸ਼ਨ ਸਿੰਘ, ਰਾਜਵੰਤ ਸਿੰਘ ਅਤੇ ਭਜਨੀਕ ਸਿੰਘ – ਨਿੱਜੀ ਤੌਰ ‘ਤੇ ਪੇਸ਼ ਹੋਏ ਅਤੇ ਗਲਤੀ ਮੰਨ ਲਈ।
ਰਾਜਵੰਤ ਸਿੰਘ ਜੋੜਾ ਘਰ ਵਿੱਚ ਸੇਵਾ ਕਰਨਗੇ, ਬਰਤਨ ਧੋਣ ਅਤੇ 11 ਦਿਨ ਗੁਰਬਾਣੀ ਕੀਰਤਨ ਸਰਵਣ ਕਰਨ ਤੋਂ ਇਲਾਵਾ ਅਰਦਾਸ ਉਪਰੰਤ 125 ਡਾਲਰ ਭੇਟ ਕਰਨਗੇ। ਗੁਰਦਰਸ਼ਨ ਸਿੰਘ ਅਤੇ ਭਜਨੀਕ ਸਿੰਘ ਦੋਵੇਂ ਜੋੜਾ ਘਰ ਵਿੱਚ ਸੇਵਾ ਕਰਨਗੇ ਅਤੇ ਅਮਰੀਕਾ ਵਿੱਚ ਆਪਣੇ ਨੇੜੇ ਦੇ ਗੁਰਦੁਆਰੇ ਗੁਰਬਾਣੀ ਕੀਰਤਨ ਇੱਕ ਹਫ਼ਤੇ ਤੱਕ ਸਰਵਣ ਕਰਨਗੇ। ਉਨ੍ਹਾਂ ਨੂੰ ਗੁਰਦੁਆਰੇ ਦੀ ਗੋਲਕ ਵਿੱਚ 125 ਅਮਰੀਕੀ ਡਾਲਰ ਚੜ੍ਹਾਉਣੇ ਪੈਣਗੇ।
ਹੋਰ ਫੈਸਲੇ ਇਸਲਾਮਿਕ ਬੈਂਕ ਦੀ ਤਰਜ਼ ‘ਤੇ ਅੰਤਰਰਾਸ਼ਟਰੀ ਪੱਧਰ ਦਾ ਸਿੱਖ ਵਿਦਿਅਕ ਬੋਰਡ ਅਤੇ ਇਕ ਸਿੱਖ ਬੈਂਕ ਬਣਾਉਣ ਦਾ ਫੈਸਲਾ ਸੀ। ਉਨ੍ਹਾਂ ‘ਆਪ’ ਦੀ ਅਗਵਾਈ ਵਾਲੀ ਸੂਬਾ ਸਰਕਾਰ ‘ਤੇ ‘ਰਾਈਫਲ’ ਨਾਲ ਪੋਜ਼ ਦੇਣ ਲਈ ਸਿੱਖ ਬੱਚੇ ਵਿਰੁੱਧ ਕੇਸ ਦਰਜ ਕਰਨ ਦੀ ਨਿਖੇਧੀ ਕੀਤੀ ਅਤੇ ਕੇਂਦਰ ਸਰਕਾਰ ‘ਤੇ ਸ਼੍ਰੋਮਣੀ ਕਮੇਟੀ ਨੂੰ ਕਮਜ਼ੋਰ ਕਰਨ ਦਾ ਦੋਸ਼ ਲਾਇਆ।
ਮੀਟਿੰਗ ਵਿੱਚ ਅਕਾਲ ਤਖ਼ਤ ਦੇ ਜਥੇਦਾਰ ਹਰਪ੍ਰੀਤ ਸਿੰਘ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ ਹਾਜ਼ਰ ਸਨ।