ਐਲਬਰਟਾ ਦੇ ਸਾਬਕਾ ਪ੍ਰੀਮੀਅਰ ਜੇਸਨ ਕੇਨੀ ਵੱਲੋਂ ਆਪਣੀ ਕੈਲਗਰੀ-ਲੌਹੀਡ ਸੀਟ ਤੋਂ ਅਸਤੀਫ਼ਾ ਦੇ ਦਿੱਤਾ ਹੈ। ਕੇਨੀ ਨੇ ਟਵਿੱਟਰ ‘ਤੇ ਪੋਸਟ ਕੀਤੇ ਇੱਕ ਬਿਆਨ ਵਿੱਚ ਲਿਖਿਆ ਇੱਕ ਵੱਖਰੀ ਸਰਕਾਰ ਸਥਾਪਤ ਹੋ ਚੁੱਕੀ ਹੈ ਅਤੇ ਅਗਲੀ ਚੋਣ ਕੁਝ ਮਹੀਨਿਆਂ ਵਿੱਚ ਹੋਵੇਗੀ।
ਕੇਨੀ ਨੇ ਕਿਹਾ ਇਸ ਲਈ ਕਾਫ਼ੀ ਸੋਚ-ਵਿਚਾਰ ਅਤੇ ਵਿਚਾਰ-ਵਟਾਂਦਰੇ ਤੋਂ ਬਾਅਦ, ਮੈਂ ਇਸ ਸਿੱਟੇ ‘ਤੇ ਪਹੁੰਚਿਆ ਹਾਂ ਕਿ ਮੇਰੇ ਲਈ ਐਮਐਲਏ ਵਜੋਂ ਅਹੁਦਾ ਛੱਡਣ ਦਾ ਸਭ ਤੋਂ ਵਧੀਆ ਸਮਾਂ ਹੈ।
ਕੇਨੀ ਨੇ ਕਿਹਾ ਕਿ ਉਨ੍ਹਾਂ ਨੂੰ ਇੱਕ ਅਜਿਹੀ ਸਰਕਾਰ ਦੀ ਅਗਵਾਈ ਕਰਨ ‘ਤੇ ਮਾਣ ਹੈ ਜਿਸਨੇ ਆਪਣੇ ਜ਼ਿਆਦਾਤਰ ਚੋਣ ਵਾਅਦੇ ਪੂਰੇ ਕੀਤੇ ਹਨ। ਸਾਬਕਾ ਪ੍ਰੀਮੀਅਰ ਨੇ ਕਿਹਾ ਕਿ 25 ਸਾਲ ਦੇ ਰਾਜਸੀ ਸਫ਼ਰ ਤੋਂ ਬਾਅਦ ਅਹੁਦੇ ਤੋਂ ਹਟਣ ਦਾ ਸਹੀ ਸਮਾਂ ਹੈ। ਕੇਨੀ ਇਸ ਬਾਬਤ ਸਪੀਕਰ ਨੂੰ ਵੀ ਪੱਤਰ ਲਿਖ ਚੁੱਕੇ ਹਨ । ਕੇਨੀ 2019 ਤੋਂ 2022 ਤੱਕ ਐਲਬਰਟਾ ਦੇ ਪ੍ਰੀਮੀਅਰ ਰਹੇ । ਮਈ ਮਹੀਨੇ ਦੌਰਾਨ ਹੋਈ ਲੀਡਰਸ਼ਿਪ ਸਮੀਖਿਆ ਦੌਰਾਨ 51.4 ਪ੍ਰਤੀਸ਼ਤ ਵੋਟ ਨਾਲ ਜਿੱਤਣ ਤੋਂ ਬਾਅਦ ਉਹਨਾਂ ਨੇ ਪ੍ਰੀਮੀਅਰ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਸੀ।
ਅਕਤੂਬਰ ਮਹੀਨੇ ਦੌਰਾਨ ਪਾਰਟੀ ਨੇ ਡੇਨੀਅਲ ਸਮਿਥ ਨੂੰ ਪ੍ਰੀਮੀਅਰ ਚੁਣ ਲਿਆ ਸੀ। ਕੇਨੀ ਐਲਬਰਟਾ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੇ ਆਖ਼ਰੀ ਨੇਤਾ ਸਨ। ਐਲਬਰਟਾ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਨੇ ਵਾਈਲਡਰੋਜ਼ ਪਾਰਟੀ ਨਾਲ ਰਲੇਵਾਂ ਕਰ ਯੂਨਾਇਟਡ ਕੰਜ਼ਰਵੇਟਿਵ ਪਾਰਟੀ ਆਫ਼ ਐਲਬਰਟਾ ( ਯੂਸੀਪੀ ) ਦਾ ਗਠਨ ਕੀਤਾ ਸੀ।ਕੇਨੀ ਨੇ ਯੂਸੀਪੀ ਦੀ ਅਗਵਾਈ ਵੀ ਕੀਤੀ। ਐਲਬਰਟਾ ਦੀ ਪ੍ਰੋਵਿੰਸ਼ੀਅਲ ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਕੇਨੀ ਇਕ ਐਮ ਪੀ ਰਹਿ ਚੁੱਕੇ ਹਨ ਅਤੇ ਪ੍ਰਧਾਨ ਮੰਤਰੀ ਸਟੀਫ਼ਨ ਹਾਰਪਰ ਦੀ ਸਰਕਾਰ ਵਿੱਚ ਫ਼ੈਡਰਲ ਇਮੀਗ੍ਰੇਸ਼ਨ ਮਨਿਸਟਰ ਅਤੇ ਹੋਰ ਅਹੁਦਿਆਂ ‘ਤੇ ਰਹਿ ਚੁੱਕੇ ਹਨ। ਉਹ 1997 ਦੌਰਾਨ ਪਹਿਲੀ ਵਾਰ ਐਮ ਪੀ ਚੁਣੇ ਗਏ ਸਨ।