ਖਾਲਸਾ ਕਮਿਉਨਿਟੀ ਸਕੂਲ ਵਿਖੇ 16 ਜਨਵਰੀ ਦਿਨ ਸੋਮਵਾਰ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿੱਚ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਭਾਗ ਲਿਆ। ਖਾਲਸਾ ਕਮਿਉਨਿਟੀ ਸਕੂਲ ਵਿੱਚ ਸਾਰਾ ਸਾਲ ਵਿਦਿਆਰਥੀਆਂ ਦੇ ਸਰਬ-ਪੱਖੀ ਵਿਕਾਸ ਲਈ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਉਲੀਕੇ ਜਾਂਦੇ ਹਨ। ਵਿਦਿਆਰਥੀਆਂ ਨੇ ਮਾਤਾ ਗੁਜਰੀ ਜੀ,ਗੁਰੁ ਗੋਬਿੰਦ ਸਿੰਘ ਜੀ ਅਤੇ ਸਾਹਿਬਜਾਦਿਆ ਦੀ ਉਸਤਤ ਵਿੱਚ ਕਵਿਤਾਵਾਂ ਗਾਈਆ। ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ ਜੀ ਸਰਬੰਸ-ਦਾਨੀ, ਪਰਮ ਮਨੁੱਖ,ਮਰਦ ਅਗੰਮੜਾ, ਦੀਨ ਦੁਖੀ ਦੇ ਦਾਤੇ, ਸੰਤ-ਸਿਪਾਹੀ ਅਤੇ ਮਹਾਨ ਕਵੀ ਸਨ। ਗੁਰੁ ਗੋਬਿੰਦ ਸਿੰਘ ਜੀ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ। 42 ਸਾਲ ਦੀ ਸੰਸਾਰਕ ਯਾਤਰਾ ਦੌਰਾਨ ਆਪ ਜੀ ਨੇ ਏਨੇ ਮਹਾਨ ਕਾਰਜ ਕੀਤੇ ਕਿ ਸੰਸਾਰ ਦੇ ਇਤਿਹਾਸ ਵਿੱਚ ਆਪ ਜੀ ਵਰਗੀ ਮਹਾਨ ਸ਼ਖਸੀਅਤ ਲੱਭਣੀ ਔਖੀ ਹੈ। ਗੁਰੂ ਜੀ ਨੇ ਪਾਉਂਟਾ ਸਾਹਿਬ ਦੀ ਸਥਾਪਨਾ ਕੀਤੀ ਅਤੇ ਇੱਥੇ ਹੀ ਗੁਰੂ ਜੀ ਨੇ ਬਹੁਤ ਸਾਰੇ ਬੀਰ ਰਸ ਸਾਹਿਤ ਦਾ ਅਧਿਅਨ ਕੀਤਾ ਅਤੇ ਕਵਿਤਾਵਾਂ ਰਚਣ ਦੀ ਵਿਧੀ ਅਪਣਾਈ। ਉੱਥੇ ਗੁਰਦੁਆਰਾ ਸਾਹਿਬ ਵਿੱਚ ਸਿੱਖ ਸੰਗਤਾਂ ਵਿੱਚ ਜੋਸ਼ ਭਰਨ ਲਈ ਗੁਰੂ ਜੀ ਕਵੀ-ਦਰਬਾਰ ਕਰਵਾਉਂਦੇ ਸਨ। ਗੁਰੂ ਜੀ ਦੇ ਦਰਬਾਰ ਵਿੱਚ 52 ਕਵੀ ਸਨ।