ਕੈਨੇਡਾ ਵਿਚ ਪੜ੍ਹਾਈ ਕਰਨ ਦੇ ਬਹਾਨੇ ਆਪਣੇ ਸੁਪਨੇ ਸੁਜਾਉਣ ਪਹੁੰਚੇ ਵਿਦਿਆਰਥੀਆਂ ਨੂੰ ਕੈਨੇਡਾ ’ਚ ਰੋਜ਼ਗਾਰ ਘੱਟ ਹੋਣ ਕਾਰਨ ਘਰ ਦੀ ਚਾਰ ਦੀਵਾਰੀ ਵਿਚ ਬੰਦ ਹੋਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਪੰਜਾਬ ਵਿਚ ਰੋਜ਼ਗਾਰ ਨਾ ਮਿਲਣ ਕਾਰਨ ਵਿਦਿਆਰਥੀਆਂ ਨੇ ਕੈਨੇਡਾ ਵੱਲ ਵਹੀਰਾ ਘੱਤਣੀਆਂ ਸ਼ੁਰੂ ਕਰ ਦਿੱਤੀਆਂ। ਆਰਥਿਕ ਪੱਖੋਂ ਕਮਜ਼ੋਰ ਮਾਂ-ਬਾਪ ਵੀ ਔਖੇ ਹੋ ਕੇ ਕਰਜੇ ਚੁੱਕ ਕੇ ਆਪਣੇ ਬੱਚਿਆਂ ਨੂੰ ਕੈਨੇਡਾ ਭੇਜਦੇ ਹਨ।ਵੀਜੇ ਤੇ ਲੱਖਾਂ ਰੁਪਏ ਲਾਉਣ ਤੋਂ ਬਾਅਦ, ਕੈਨੇਡਾ ਰਹਿਣ ਦੇ ਖਰਚੇ ਲਈ ਬੜੀ ਮੁਸ਼ਕਲ ਨਾਲ ਲੱਖ ਦੋ ਲੱਖ ਦਾ ਕੈਸ਼ ਦੇ ਪਾਉਂਦੇ ਹਨ। ਜੋ ਕੈਨੈਡਾ ਪਹੁਚਿਆ ਹੀ ਕੁਝ ਦਿਨਾਂ ਵਿਚ ਜਰੂਰੀ ਸਾਜ ਸਾਮਾਨ ਤੇ ਖਤਮ ਹੋ ਜਾਂਦਾ ਹੈ। ਵਿਦਿਆਰਥੀ ਵੱਲੋਂ ਦੋਸਤਾਂ ਮਿੱਤਰਾਂ ਦੀ ਮਦਦ ਨਾਲ ਰੋਜ਼ਗਾਰ ਲੱਭਣ ਲਈ ਹੱਥ ਪੈਰ ਮਾਰਨ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ। ਥਾਂ-ਥਾਂ ’ਤੇ ਛੋਟੀ ਮੋਟੀ ਨੌਕਰੀ ਲਈ ਤਰਲੇ ਲਏ ਜਾਂਦੇ ਹਨ। ਘਰੋਂ ਮਜਬੂਰਨ ਹੋਰ ਪੈਸੇ ਮੰਗਵਾਉਣ ਲਈ ਮਿੰਨਤਾਂ ਕੀਤੀਆਂ ਜਾਂਦੀਆਂ ਹਨ। ਅੱਗੇ ਹੀ ਕਰਜ਼ੇ ਵਿਚ ਫਸੇ ਮਾਂ ਪਿਉ ਨੂੰ ਹੋਰ ਮਹਿੰਗੇ ਭਾਅ ’ਤੇ ਕਰਜ਼ਾ ਚੁੱਕ ਕੇ ਪੈਸੇ ਭੇਜਣੇ ਪੈਂਦੇ ਹਨ। ਕੈਨੇਡਾ ’ਚ ਪਹਿਲਾਂ-ਪਹਿਲਾਂ ਵਿਦਿਆਰਥੀਆਂ ਨੂੰ ਅਜਿਹੀ ਸਥਿਤੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਸੀ।
ਕੋਵਿਡ-19 ਤੋਂ ਬਾਅਦ ਵਿਦਿਆਰਥੀਆਂ ਨੂੰ ਬੇਰੋਜ਼ਗਾਰੀ ਦੀ ਸਮੱਸਿਆ ਆਈ ਸੀ, ਪਰ ਜਲਦੀ ਹੀ ਇੰਡਸਟਰੀਅਲ ਏਰੀਏ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਰੋਜ਼ਗਾਰ ਦਿੱਤਾ। ਕੋਵਿਡ-19 ਤੋਂ ਬਾਅਦ ਭਾਰੀ ਗਿਣਤੀ ’ਚ ਵਿਦਿਆਰਥੀਆਂ ਦੀ ਕੈਨੇਡਾ ’ਚ ਆਮਦ ਹੋਈ ਪਰ ਜਲਦੀ ਹੀ 2022 ’ਚ ਕੈਨੇਡਾ ਨੂੰ ਆਰਥਿਕ ਮੰਦੀ ਨੇ ਜਕੜ ਲਿਆ। ਸਰਕਾਰ ਨੇ ਇਸ ਆਰਥਿਕ ਮੰਦੀ ਨੂੰ ਦੂਰ ਕਰਨ ਲਈ ਕਈ ਵਾਰ ਵਿਆਜ ਦਰਾਂ ਵਿਚ ਵਾਧਾ ਕਰ ਦਿੱਤਾ, ਜਿਸ ਦੇ ਸਿੱਟੇ ਵਜੋਂ ਖਾਣ ਪੀਣ ਵਾਲੀਆਂ ਵਸਤੂਆਂ ਤੇ ਘਰਾਂ ਦੇ ਕਿਰਾਇਆ ਵਿਚ 10 ਤੋਂ 20 ਵੀਂ ਸਦੀ ਵਾਧਾ ਹੋ ਗਿਆ। ਕੰਮ ਘਟ ਜਾਣ ਕਾਰਨ ਹਜ਼ਾਰਾਂ ਭਾਰਤੀ ਪੰਜਾਬੀਆਂ ਨੂੰ ਨੌਕਰੀਆਂ ਤੋਂ ਵਾਂਝਾ ਹੋਣਾ ਪਿਆ, ਜਿਸ ਨਾਲ ਪੜ੍ਹਾਈ ਦੀਆਂ ਫੀਸਾਂ ਤੋਂ ਇਲਾਵਾ ਘਰ ਦੀ ਰੋਟੀ ਦੇ ਲਾਲੇ ਪੈ ਗਏ। ਘਰੋਂ ਪੈਸਿਆਂ ਦੀ ਝਾਕ ਨਾ ਹੋਣ ਕਾਰਨ ਵਿਦਿਆਰਥੀਆਂ ਨੂੰ ਫਾਕੇ ਕੱਟਣ ਲਈ ਮਜਦੂਰ ਹੋਣਾ ਪੈ ਰਿਹਾ ਹੈ। ਕੰਮਕਾਰ ਨਾ ਹੋਣ ਕਾਰਨ ਪੜ੍ਹਾਈ ਨੂੰ ਜਾਰੀ ਰੱਖਣਾ ਤਾਂ ਦੂਰ ਦੀ ਗੱਲ, ਬੇਸਮੈਂਟ ਦੀ ਚਾਰ ਦੀਵਾਰੀ ’ਚ ਹੀ ਦਿਨ ਬਤੀਤ ਕਰਨੇ ਪੈ ਰਹੇ ਹਨ। ਮਜਬੂਰਨ ਵਸ ਘਰਦਿਆਂ ਨੂੰ ਔਖੇ ਹੋ ਕੇ ਫਿਰ ਮੋਟੇ ਵਿਆਜ ਤੇ ਰਕਮਾਂ ਫੜ ਕੇ ਬੱਚਿਆਂ ਦਾ ਢਿੱਡ ਕਰਨਾ ਪੈ ਰਿਹਾ ਹੈ। ਇਨ੍ਹੀ ਭਾਰੀ ਵਿਆਜੀ ਰਕਮ ਦੇ ਕਰਜ਼ੇ ਹੇਠ ਡੁੱਬੇ ਵਿਦਿਆਰਥੀਆਂ ਨੂੰ ਕੈਨੇਡਾ ਆਉਣਾ ਕੋਈ ਬਹੁਤਾ ਚੰਗਾ ਨਹੀਂ ਲੱਗ ਰਿਹਾ, ਨਾ ਤਾਂ ਉਹ ਵਾਪਸ ਭਾਰਤ ਮੁੜ ਸਕਦੇ ਹਨ, ਕਿਉਂਕਿ ਓਥੇ ਰਹਿ ਕੇ ਚੁੱਕਿਆ ਹੋਇਆ ਕਰਜ ਵਾਪਿਸ ਨਹੀਂ ਹੋਣਾ, ਤੇ ਨਾ ਹੀ ਰੋਜ਼ਗਾਰ ਨਾ ਹੋਣ ਕਾਰਨ ਏਥੇ ਜਿੰਦਗੀ ਬਸਰ ਕਰਨੀ ਸੌਖੀ ਲੱਗ ਰਹੀ ਹੈ। ਅਜਿਹੀ ਸਥਿਤੀ ’ਚ ਵਿਦਿਆਰਥੀ ਭਾਰੀ ਮਾਨਸਿਕ ਦਬਾਅ ਮਹਿਸੂਸ ਕਰ ਰਹੇ ਹਨ।