ਕੋਵਿਡ ਵੈਕਸੀਨ ਬਣਾਉਣ ਵਾਲੇ ਰਸ਼ੀਅਨ ਵਿਗਿਆਨੀ ਐਂਡਰੀ ਬੋਟੀਕੋਵ ਦਾ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਰੂਸ ਦੇ ਅਧਿਕਾਰੀਆਂ ਨੇ ਦਸਿਆ ਕਿ ਬੋਟਿਕੋਵ ਦੀ ਲਾਸ਼ ਉਸ ਦੇ ਅਪਾਰਟਮੈਂਟ ਤੋਂ ਬਰਾਮਦ ਕੀਤੀ ਗਈ। ਮੌਕੇ ਤੋਂ ਮਿਲੇ ਸਬੂਤਾਂ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਵਿਗਿਆਨੀ ਦਾ ਗਲਾ ਘੋਟ ਕੇ ਕਤਲ ਕੀਤਾ ਗਿਆ । ਬੋਟਿਕੋਵ ਇੱਕ ਪ੍ਰਸਿੱਧ ਵਿਗਿਆਨੀ ਸਨ ਅਤੇ ਉਨ੍ਹਾਂ ਨੂੰ ਵੈਕਸੀਨ ‘ਤੇ ਕੰਮ ਲਈ ਐਵਾਰਡ ਵੀ ਮਿਲਿਆ ਸੀ। ਬੋਟਿਕੋਵ ਉਨ੍ਹਾਂ 18 ਵਿਗਿਆਨੀਆਂ ਵਿੱਚੋਂ ਇੱਕ ਸਨ, ਜਿਨ੍ਹਾਂ ਨੇ 2020 ਵਿੱਚ ਵੈਕਸੀਨ ਬਣਾਈ ਸੀ।
Sputnik V ਵੈਕਸੀਨ ਨੂੰ ਦੁਨੀਆ ਦਾ ਪਹਿਲਾ ਐਂਟੀ-ਕੋਵਿਡ ਟੀਕਾ ਮੰਨਿਆ ਜਾਂਦਾ ਹੈ। ਇਸ ਨੂੰ 2020 ਵਿੱਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੱਲੋਂ ਇੱਕ ਸ਼ਾਨਦਾਰ ਸਮਾਰੋਹ ਵਿੱਚ ਲਾਂਚ ਕੀਤਾ ਗਿਆ ਸੀ। ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਣਪਛਾਤੇ ਵਿਅਕਤੀ ਨੇ ਉਨ੍ਹਾਂ ਦੇ ਘਰ ‘ਚ ਦਾਖਲ ਹੋ ਕੇ ਹਮਲਾ ਕੀਤਾ ਸੀ। ਰੂਸੀ ਵਿਗਿਆਨੀ ਬੋਟਿਕੋਵ ਦੀ ਮੌਤ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਅਧਿਕਾਰੀਆਂ ਮੁਤਾਬਕ ਇੱਕ 29 ਸਾਲਾਂ ਨੌਜਵਾਨ ਨੇ ਮਾਮੂਲੀ ਬਹਿਸ ਦੌਰਾਨ ਬੈਲਟ ਨਾਲ ਬੋਟਿਕੋਵ ਦਾ ਗਲਾ ਘੁੱਟ ਦਿੱਤਾ ਅਤੇ ਫਰਾਰ ਹੋ ਗਿਆ। ਫੈਡਰਲ ਇਨਵੈਸਟੀਗੇਸ਼ਨ ਏਜੰਸੀ ਨੇ ਬਿਆਨਸ ਵਿੱਚ ਕਿਹਾ ਕਿ ਬੋਟਿਕੋਵ ਦੀ ਲਾਸ਼ ਮਿਲਣ ਦੇ ਤੁਰੰਤ ਬਾਅਦ ਸ਼ੱਕੀ ਨੂੰ ਗ੍ਰਿਫਤਾਰ ਕਰ ਲਿਆ ਗਿਆ।