ਕੈਨੇਡਾ ‘ਚ ਕੈਲਗਰੀ ਨੇੜੇ ਸੜਕ ਹਾਦਸੇ ਵਿੱਚ 26 ਸਾਲਾ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ, ਜੋ ਭਵਾਨੀਗੜ੍ਹ ਕਸਬੇ ਦੇ ਪਿੰਡ ਬਲਿਆਲ ਦਾ ਰਹਿਣ ਵਾਲਾ ਸੀ। ਪਿੰਡ ਬਲਿਆਲ ਦੇ ਸਰਪੰਚ ਅਮਰੇਲ ਸਿੰਘ ਨੇ ਦੱਸਿਆ ਕਿ ਨੌਜਵਾਨ ਦਲਵੀਰ ਸਿੰਘ ਪੁੱਤਰ ਸੁਖਦੇਵ ਸਿੰਘ ਕਲੇਰ ਕਰੀਬ ਢੇਡ ਸਾਲ ਪਹਿਲਾਂ ਪੜ੍ਹਾਈ ਲਈ ਕੈਨੇਡਾ ਗਿਆ ਸੀ ਅਤੇ ਮਿਸੀਸਾਗਾ ਓਨਟਾਰੀਓ ਵਿਖੇ ਰਹਿੰਦਾ ਸੀ। ਬੀਤੇ ਦਿਨ ਜਦੋਂ ਦਲਵੀਰ ਸਿੰਘ ਟਰੱਕ ਚਲਾ ਰਿਹਾ ਸੀ ਤਾਂ ਓਵਰਟੇਕ ਕਰਦੇ ਸਮੇਂ ਇਕ ਟਰੱਕ ਟਰਾਲੇ ਨੇ ਦਲਵੀਰ ਸਿੰਘ ਦੇ ਟਰੱਕ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਅਤੇ ਇਸ ਹਾਦਸੇ ਵਿੱਚ ਦਲਵੀਰ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਸਰਪੰਚ ਅਮਰੇਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦਲਵੀਰ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਜੋ ਅਜੇ ਵਿਆਹਿਆ ਨਹੀਂ ਸੀ, ਜਿਸ ਨੇ ਖ਼ਾਲਸਾ ਕਾਲਜ ਪਟਿਆਲਾ ਤੋਂ ਐਮ.ਐਸ.ਸੀ. (ਖੇਤੀਬਾੜੀ) ਦੀ ਡਿਗਰੀ ਹਾਸਲ ਕੀਤੀ ਅਤੇ ਹੁਣ ਉਚੇਰੀ ਸਿੱਖਿਆ ਲਈ ਵਿਦੇਸ਼ ਗਿਆ ਸੀ। ਉਨ੍ਹਾਂ ਦੱਸਿਆ ਕਿ ਦਲਵੀਰ ਸਿੰਘ ਦੀ ਮੌਤ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਦੂਜੇ ਪਾਸੇ ਪਿੰਡ ਵਾਸੀਆਂ ਅਤੇ ਨਗਰ ਪੰਚਾਇਤ ਨੇ ਕੇਂਦਰ ਅਤੇ ਸੂਬਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਨੌਜਵਾਨ ਦੀ ਮ੍ਰਿਤਕ ਦੇਹ ਨੂੰ ਜਲਦੀ ਤੋਂ ਜਲਦੀ ਭਾਰਤ ਲਿਆਂਦਾ ਜਾਵੇ।