ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਅੱਜ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਵਿੱਚ ਪੇਸ਼ ਕੀਤਾ ਗਿਆ। ਪਟਿਆਲਾ ਹਾਊਸ ਕੋਰਟ ਨੇ ਲਾਰੈਂਸ ਬਿਸ਼ਨੋਈ ਨੂੰ ਸੱਤ ਦਿਨਾਂ ਦੀ ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਰਿਮਾਂਡ ‘ਤੇ ਭੇਜ ਦਿੱਤਾ ਹੈ। ਪੰਜਾਬ ਪੁਲਸ ਨੇ ਕੋਰਟ ’ਚ ਕਿਹਾ ਕਿ ਲਾਰੈਂਸ ਨੇ ਖ਼ੁਦ ਸਿੱਧੂ ਮੂਸੇਵਾਲਾ ਦੇ ਕਤਲ ਦਾ ਜ਼ੁਰਮ ਕਬੂਲਿਆ ਹੈ। ਪੰਜਾਬ ਪੁਲਸ ਨੇ ਕਿਹਾ ਕਿ ਗੋਲਡੀ ਬਰਾੜ ਨਾਲ ਤਮਾਮ ਸੰਗੀਨ ਅਪਰਾਧਾਂ ’ਚ ਲਾਰੈਂਸ ਦੀ ਸ਼ਮੂਲੀਅਤ ਹੈ। ਇਸ ਲਈ ਮਾਮਲੇ ਦੀ ਜਾਂਚ ਲਈ ਬਿਸ਼ਨੋਈ ਦੀ ਟਰਾਂਜਿਟ ਰਿਮਾਂਡ ਸਾਨੂੰ ਦਿੱਤੀ ਜਾਵੇ।
ਦੂਜੇ ਪਾਸੇ ਬਿਸ਼ਨੋਈ ਦੇ ਵਕੀਲ ਵਿਸ਼ਾਲ ਚੋਪੜਾ ਨੇ ਪੰਜਾਬ ਪੁਲਸ ਵੱਲੋਂ ਟਰਾਂਜ਼ਿਟ ਰਿਮਾਂਡ ਦੀ ਮੰਗ ਦਾ ਵਿਰੋਧ ਕਰਦਿਆਂ ਕਿਹਾ ਕਿ ਬਿਸ਼ਨੋਈ ਦੀ ਪੰਜਾਬ ’ਚ ਜਾਨ ਨੂੰ ਖ਼ਤਰਾ ਹੈ। ਜੇਕਰ ਲਾਰੈਂਸ ਨੂੰ ਪੰਜਾਬ ਲਿਜਾਇਆ ਜਾਂਦਾ ਹੈ ਤਾਂ ਉਸ ਦਾ ਐਨਕਾਊਂਟ ਵੀ ਹੋ ਸਕਦਾ ਹੈ। ਉੱਥੇ ਹੀ ਦਿੱਲੀ ਪੁਲਸ ਨੇ ਵੀ ਲਾਰੈਂਸ ਬਿਸ਼ਨੋਈ ਦੀ ਕਸਟਡੀ ਦਿੱਤੇ ਜਾਣ ਦੀ ਮੰਗ ਕਰਦਿਆਂ ਕਿਹਾ ਕਿ ਆਰਮਜ਼ ਐਕਟ ਮਾਮਲੇ ’ਚ ਅਸੀਂ ਪੁੱਛ-ਗਿੱਛ ਕਰ ਰਹੇ ਹਾਂ। ਜਿਸ ’ਚ ਅਜੇ ਕੁਝ ਖਾਸ ਪਤਾ ਨਹੀਂ ਲੱਗ ਸਕਿਆ ਹੈ, ਇਸ ਲਈ ਕਸਟਡੀ ਨੂੰ ਹੋਰ ਵਧਾਇਆ ਜਾਵੇ।