ਬਰਤਾਨੀਆ ਦੇ ਇੱਕ ਗੁਰੂ ਘਰ ਨੇ ਧੋਖੇਬਾਜ਼ ਏਜੰਟਾਂ ਅਤੇ ਹੋਰ ਜਾਲਸਾਜ਼ਾਂ ਖਿਲਾਫ ਚਿਤਾਵਨੀ ਜਾਰੀ ਕੀਤੀ ਗਈ ਹੈ, ਜਿਹੜੇ ਯੂਕੇ ਦਾ ਵੀਜ਼ਾ ਅਤੇ ਉੱਥੋਂ ਦੇ ਗੁਰਦੁਆਰੇ ਵਿੱਚ ਨੌਕਰੀ ਦਵਾਉਣ ਦਾ ਲਾਰਾ ਲਾ ਕੇ ਭਾਰਤ ‘ਚ ਲੋਕਾਂ ਨਾਲ ਠੱਗੀ ਮਾਰ ਰਹੇ ਹਨ। ਬ੍ਰਿਟੇਨ ਦੇ ਗਰੇਵਸੈਂਡ ਵਿੱਚ ਸਥਿਤ ਗੁਰੂ ਨਾਨਕ ਦਰਬਾਰ ਗੁਰਦੁਆਰਾ ਸਾਹਿਬ ਨੇ ਇਹ ਚਿਤਾਵਨੀ ਜਾਰੀ ਕੀਤੀ ਹੈ। ਗੁਰੂ ਘਰ ਵੱਲੋਂ ਆਪਣੇ ਸੋਸ਼ਲ ਮੀਡੀਆ ਪੇਜ ‘ਤੇ ਚਿਤਾਵਨੀ ਜਾਰੀ ਕੀਤੀ ਗਈ ਕਿ ਭਾਰਤ ਵਿੱਚ ਕੁਝ ਏਜੰਟ ਲੋਕਾਂ ਨਾਲ ਠੱਗੀਆਂ ਮਾਰ ਰਹੇ ਹਨ। ਉਨਾਂ ਵੱਲੋਂ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾਉਣ ਲਈ ਸੋਸ਼ਲ ਮੀਡੀਆ ‘ਤੇ ਝੂਠੇ ਇਸ਼ਤਿਹਾਰ ਦਿੱਤੇ ਜਾ ਰਹੇ ਨੇ, ਜਿਨ੍ਹਾਂ ਵਿੱਚ ਗਰੇਵਸੈਂਡ ਦੇ ਗੁਰੂ ਘਰ ਦੀ ਤਸਵੀਰ ਵੀ ਲਾਈ ਗਈ ਹੈ। ਇਹਨਾਂ ਵਿੱਚ UK ਦੇ ਗੁਰਦੁਆਰਿਆਂ ਵਿੱਚ ਨੌਕਰੀ, ਮੁਫ਼ਤ ਖਾਣਾ ਅਤੇ ਵੀਜ਼ੇ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। UK ਚ ਤੁਰੰਤ ਕਾਮਿਆਂ ਦੀ ਲੋੜ ਦੇ ਨਾਮ ਹੇਠ ਇਹ ਝੂਠੇ ਇਸ਼ਤਿਹਾਰ ਛਾਪ ਕੇ ਲੋਕਾਂ ਨਾਲ ਠੱਗੀ ਮਾਰਨ ਦਾ ਯਤਨ ਕੀਤਾ ਜਾ ਰਿਹਾ ਹੈ।
ਇੱਕ ਦਰਜਨ ਲੋਕਾਂ ਨੇ ਇੰਟਰਨੈੱਟ ‘ਤੇ ਪ੍ਰਸਾਰਿਤ ਇਸ਼ਤਿਹਾਰ ਬਾਰੇ ਪੁੱਛ-ਪੜਤਾਲ ਕਰਨ ਲਈ ਇਸ ਗੁਰਦੁਆਰਾ ਪ੍ਰਬੰਧਕਾਂ ਨਾਲ ਸੰਪਰਕ ਕੀਤਾ। ਇਥੋਂ ਤੱਕ ਕਿ ਕਈ ਲੋਕ ਤਾਂ ਇਹ ਇਸ਼ਤਿਹਾਰ ਦੇਖ ਕੇ ਇਹਨਾਂ ਝੂਠੇ ਏਜੰਟਾਂ ਨਾਲ ਆਪਣਾ ਪਾਸਪੋਰਟ ਅਤੇ ਹੋਰ ਨਿੱਜੀ ਜਾਣਕਾਰੀ ਸਾਂਝੀ ਕਰਨ ਦੀ ਪ੍ਰਕਿਰਿਆ ‘ਚੋਂ ਲੰਘ ਚੁੱਕੇ ਹਨ। ਜਗਦੇਵ ਸਿੰਘ ਵਿਰਦੀ ਨੇ ਕਿਹਾ ਕਿ ਇਹਨਾਂ ਧੋਖੇਬਾਜ਼ਾਂ ਨੇ ਗੁਰਦੁਆਰਾ ਸਾਹਿਬ ਦੀ ਤਰ੍ਹਾਂ ਇੱਕ ਵੈਬਸਾਈਟ ਡੋਮੇਨ ਅਤੇ ਈਮੇਲ ਬਣਾਈ ਹੋਈ ਹੈ। ਗੁਰੂ ਨਾਨਕ ਦਰਬਾਰ ਗੁਰਦੁਆਰਾ ਸਾਹਿਬ ਨੇ ਆਪਣੀ ਵੈਬਸਾਈਟ ‘ਤੇ ਪੋਸਟ ਕੀਤਾ ਕਿ ਸਾਵਧਾਨ ਰਹੋ, ਕਿਉਂਕਿ ਕੁਝ ਧੋਖੇਬਾਜ਼ਾਂ ਵੱਲੋਂ ਗੁਰਦੁਆਰਾ ਸਾਹਿਬ ਵਿੱਚ ਯੂਕੇ ਦਾ ਵੀਜ਼ਾ ਅਤੇ ਨੌਕਰੀ ਦਵਾਉਣ ਦਾ ਲਾਰਾ ਲਗਾ ਕੇ ਠੱਗੀ ਮਾਰੀ ਜਾ ਰਹੀ ਹੈ। ਕਿਰਪਾ ਕਰਕੇ ਇਹੋ ਜਿਹੇ ਏਜੰਟਾਂ ਦੇ ਮੱਕੜ ਜਾਲ ਵਿੱਚ ਨਾਂ ਫਸੋ।