ਕੈਨੇਡਾ ਤੋਂ ਯੂ.ਕੇ. ਤੱਕ ਡਰੱਗ ਦਾ ਕਾਰੋਬਾਰ ਕਰਨ ਵਾਲੇ ਤਿੰਨ ਪੰਜਾਬੀਆਂ ਸਮੇਤ 4 ਲੋਕਾਂ ਨੂੰ 17 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਵੂਲਿਚ ਕਰਾਊਨ ਕੋਰਟ ‘ਚ ਹੋਈ ਸੁਣਵਾਈ ਦੌਰਾਨ ਦੱਸਿਆ ਗਿਆ ਕਿ ਅਪਰਾਧਿਕ ਗਿਰੋਹ ਦੇ ਮੈਂਬਰਾਂ ਵਲੋਂ ਭੰਗ ਦਾ ਕਾਰੋਬਾਰ ਕੀਤਾ ਜਾਂਦਾ ਸੀ | ਜਾਂਚ ਦੌਰਾਨ ਪਤਾ ਲੱਗਾ ਕਿ 10 ਲੱਖ ਪੌਂਡ ਦੀ ਕੀਮਤ ਦੀ ਭੰਗ ਨੂੰ ਕੰਪਿਊਟਰ ਕੇਸਾਂ ‘ਚ ਲੁਕੋਇਆ ਗਿਆ ਸੀ | ਇਹ ਡਰੱਗ ਖੇਪ ਕੈਨੇਡਾ ਤੋਂ ਹੀਥਰੋ ਹਵਾਈ ਅੱਡੇ ‘ਤੇ 8 ਫਰਵਰੀ 2021 ਨੂੰ ਪਹੁੰਚੀ, ਜਿੱਥੋਂ ਇਹ ਡਾਟਰਫੋਰਡ ਦੇ ਇੱਕ ਪਤੇ ‘ਤੇ ਜਾਣੀ ਸੀ।
ਇਹ ਮਾਮਲਾ 8 ਫ਼ਰਵਰੀ 2021 ਨੂੰ ਸਾਹਮਣੇ ਆਇਆ ਜਦੋਂ ਯੂ.ਕੇ. ਦੇ ਬਾਰਡਰ ਅਫਸਰਾਂ ਨੂੰ ਹੀਥਰੋ ਹਵਾਈ ਅੱਡੇ ‘ਤੇ ਪੁੱਜੇ ਪੈਕੇਜ ਵਿਚ 10 ਲੱਖ ਪਾਊਂਡ ਮੁੱਲ ਦੇ ਨਸ਼ੇ ਬਰਾਮਦ ਕੀਤੇ ਅਤੇ ਪੁਲਿਸ ਨੇ ਡੂੰਘਾਈ ਨਾਲ ਪੜਤਾਲ ਕਰਦਿਆਂ ਕੁਰਾਨ ਗਿੱਲ, ਜੰਗ ਸਿੰਘ, ਗੋਵਿੰਦ ਬਾਹੀਆ ਅਤੇ ਗਰੇਗਰੀ ਬਲੈਕਲੋਕ ਨੂੰ ਗ੍ਰਿਫ਼ਤਾਰ ਕਰ ਲਿਆ। ਕੈਂਟ ਅਤੇ ਐਸੈਕਸ ਅਪਰਾਧਿਕ ਜਾਂਚ ਅਧਿਕਾਰੀ ਸਟੀਵ ਬਰਾਊਨ ਨੇ ਕਿਹਾ ਕਿ ਅਪਰਾਧੀਆਂ ਵਲੋਂ ਐਂਕਰੋਚੈਟ ਮੋਬਾਈਲ ਪਲੇਟਫਾਰਮ ਦੀ ਵਰਤੋਂ ਕੀਤੀ ਜਾਂਦੀ ਸੀ, ਜਿਸ ਦੇ ਬਾਵਜੂਦ ਉਨ੍ਹਾਂ ਨੂੰ ਰੰਗੇ ਹੱਥੀਂ ਫੜਿਆ ਗਿਆ ਅਤੇ ਨਿਆਂ ਦੇ ਕਟਹਿਰੇ ‘ਚ ਲਿਆਂਦਾ ਗਿਆ |