ਉਨਟਾਰੀਓ ਦੇ ਮਸਕੋਕਾ ਰੀਜਨ ਅਤੇ ਅਮਰੀਕਾ ਦੇ ਕਈ ਹਿੱਸਿਆਂ ਵਿਚ ਹੋਈ ਭਾਰੀ ਬਰਫ਼ਬਾਰੀ ਨੇ ਆਮ ਜੀਵਨ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਮਸਕੋਕਾ ਰੀਜਨ ਦੇ ਗ੍ਰੇਵਨਹਰਸਟ ਕਸਬੇ ਵਿਚ ਸਾਢੇ ਚਾਰ ਫੁੱਟ ਤੱਕ ਬਰਫ਼ ਡਿੱਗੀ, ਜਿਸ ਕਾਰਨ ਐਮਰਜੰਸੀ ਦਾ ਐਲਾਨ ਕਰਨਾ ਪਿਆ। ਕਸਬੇ ਦੇ ਟਾਊਨ ਹਾਲ ਨੂੰ ਰਾਹਤ ਕੈਂਪ ਵਿੱਚ ਤਬਦੀਲ ਕੀਤਾ ਗਿਆ, ਜਿੱਥੇ ਕਾਰਾਂ ਵਿੱਚ ਫਸੇ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਜੈਨਰੇਟਰ ਸਹੂਲਤ ਦਿੱਤੀ ਗਈ। ਮਸਕੋਕਾ ਦੇ ਮੇਅਰ ਹਾਈਡੀ ਲੌਰੈਨਜ਼ ਨੇ ਕਿਹਾ ਕਿ ਕਿਸੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ, ਪਰ ਲੋਕਾਂ ਨੂੰ ਸਾਵਧਾਨ ਰਹਿਣ ਅਤੇ ਘਰਾਂ ਵਿਚ ਰਹਿਣ ਦੀ ਅਪੀਲ ਕੀਤੀ ਗਈ ਹੈ।
ਦੂਜੇ ਪਾਸੇ, ਨਿਊਯਾਰਕ ਦੇ ਕਈ ਇਲਾਕਿਆਂ ਵਿਚ ਚਾਰ ਫੁੱਟ ਤੱਕ ਬਰਫ਼ਬਾਰੀ ਹੋਣ ਨਾਲ ਐਮਰਜੰਸੀ ਲਾਗੂ ਕੀਤੀ ਗਈ। ਤਾਪਮਾਨ ਮਨਫ਼ੀ 32 ਡਿਗਰੀ ਤੱਕ ਡਿੱਗ ਗਿਆ ਹੈ, ਜਿਸ ਕਾਰਨ ਜ਼ਿੰਦਗੀ ਹੋਰ ਵੀ ਮੁਸ਼ਕਲ ਹੋ ਰਹੀ ਹੈ। ਪੱਛਮੀ ਨਿਊਯਾਰਕ, ਉੱਤਰ ਪੂਰਬੀ ਓਹਾਇਓ ਅਤੇ ਉੱਤਰ ਪੱਛਮੀ ਪੈਨਸਿਲਵੇਨੀਆ ਵਿੱਚ ਮੰਗਲਵਾਰ ਤੱਕ ਬਰਫ਼ੀਲੇ ਹਾਲਾਤ ਜਾਰੀ ਰਹਿਣ ਦੀ ਪੇਸ਼ੀਨਗੋਈ ਕੀਤੀ ਗਈ ਹੈ।
ਹਜ਼ਾਰਾਂ ਘਰ ਬਿਜਲੀ ਤੋਂ ਮਹਰੂਮ ਹਨ। ਹਾਈਡਰੋ ਵੰਨ ਦੇ ਅਨੁਸਾਰ, ਉਨਟਾਰੀਓ ਵਿੱਚ 60 ਹਜ਼ਾਰ ਤੋਂ ਵੱਧ ਘਰਾਂ ਦੀ ਬਿਜਲੀ ਬਰਫ਼ ਕਾਰਨ ਟੁੱਟੇ ਦਰੱਖਤਾਂ ਅਤੇ ਤਾਰਾਂ ਤੇ ਡਿੱਗੇ ਟਾਹਣਿਆਂ ਦੀ ਵਜ੍ਹਾ ਨਾਲ ਕੱਟੀ ਗਈ। ਬਿਜਲੀ ਮੁਰੰਮਤ ਦਾ ਕੰਮ ਜਾਰੀ ਹੈ, ਪਰ ਮੌਸਮ ਦੇ ਹਾਲਾਤ ਕਾਮਿਆਂ ਲਈ ਵੱਡੀ ਚੁਣੌਤੀ ਬਣੇ ਹੋਏ ਹਨ।
ਕੈਨੇਡਾ ਦੇ ਪ੍ਰੀਮੀਅਰ ਡਗ ਫੋਰਡ ਨੇ ਐਲਾਨ ਕੀਤਾ ਕਿ ਸਰਕਾਰ ਪ੍ਰਭਾਵਤ ਇਲਾਕਿਆਂ ਵਿੱਚ ਹਰ ਸੰਭਵ ਮਦਦ ਮੁਹੱਈਆ ਕਰਾ ਰਹੀ ਹੈ। ਦੂਜੇ ਪਾਸੇ, ਅਮਰੀਕਾ ਵਿੱਚ ਬਰਫ਼ੀਲੇ ਤੂਫਾਨ ਨਾਲ 20 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। ਨਿਊਯਾਰਕ ਦੀਆਂ 11 ਕਾਊਂਟੀਆਂ ਵਿੱਚ ਐਮਰਜੰਸੀ ਲਾਗੂ ਹੈ। ਸੜਕਾਂ ‘ਤੇ ਦਰਜਨ ਲੋਕ ਫਸੇ ਹੋਣ ਦੀ ਰਿਪੋਰਟ ਹੈ, ਜਿਨ੍ਹਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ।
ਇਸ ਤਰ੍ਹਾਂ ਦੀ ਭਾਰੀ ਬਰਫ਼ਬਾਰੀ ਨੇ ਇੱਕ ਵਾਰ ਫਿਰ ਦੋਨੋਂ ਦੇਸ਼ਾਂ ਨੂੰ ਕਠਿਨ ਮੌਸਮੀ ਹਾਲਾਤਾਂ ਦਾ ਸਾਹਮਣਾ ਕਰਨ ਲਈ ਤਿਆਰੀਆਂ ‘ਤੇ ਵਿਚਾਰ ਕਰਨ ਲਈ ਮਜਬੂਰ ਕਰ ਦਿੱਤਾ ਹੈ।