ਜੰਗਲਾਂ ਵਿਚ ਲੱਗੀ ਅੱਗ ਕਾਰਨ ਕੈਨੇਡਾ ਦੇ ਤਕਰੀਬਨ ਹਰ ਹਿੱਸੇ ਲਈ ਫ਼ੈਡਰਲ ਸਰਕਾਰ ਵੱਲੋਂ ਤਪਿਸ਼ ਜਾਂ ਹਵਾ ਦੀ ਗੁਣਵੱਤਾ ਬਾਬਤ ਚਿਤਾਵਨੀ ਜਾਰੀ ਹੈ। 7 ਜੂਨ ਕੈਨੇਡਾ ਵਿਚ ਰਾਸ਼ਟਰੀ ਸਵੱਛ ਹਵਾ ਦਿਵਸ ਸੀ, ਪਰ ਇਸ ਦਿਨ ਮੁਲਕ ਦੇ ਬਹੁਤੇ ਇਲਾਕਿਆਂ ਵਿਚ ਹਵਾ ਦੂਸ਼ਿਤ ਰਹੀ ਅਤੇ ਇਸ ਦਿਨ ਕੈਨੇਡਾ ਵਿਚ ਹੁਣ ਤੱਕ ਦੀ ਸਭ ਤੋਂ ਮਾੜੀ ਏਅਰ ਕੁਆਲਟੀ ਦਰਜ ਕੀਤੀ ਗਈ।
ਐਨਵਾਇਰਨਮੈਂਟ ਕੈਨੇਡਾ ਦੇ ਏਅਰ ਕੁਆਲਟੀ ਇੰਡੈਕਸ ਵਿਚ ਔਟਵਾ ਅਤੇ ਕਿਊਬੈਕ ਦੇ ਗੈਟੀਨੌ ਵਿਚ ਹਵਾ ਦੀ ਗੁਣਵੱਤਾ ਮੁਲਕ ਵਿਚ ਸਭ ਤੋਂ ਮਾੜੀ ਅਤੇ ਬਹੁਤ ਜ਼ਿਆਦਾ ਜੋਖਮ ਵਾਲੇ ਪੱਧਰ ‘ਤੇ ਦਰਜ ਹੋਈ। ਇਹਨਾਂ ਸ਼ਹਿਰਾਂ ਦੇ ਵਸਨੀਕਾਂ ਨੂੰ ਬਾਹਰੀ ਗਤੀਵਿਧੀਆਂ ਨੂੰ ਸੀਮਤ ਕਰਨ ਦੀ ਅਪੀਲ ਕੀਤੀ ਗਈ, ਅਤੇ ਹਾਈ ਰਿਸਕ ਵਾਲੇ ਲੋਕਾਂ ਨੂੰ ਧੂੰਏਂ ਤੋਂ ਪੂਰੀ ਤਰ੍ਹਾਂ ਬਚਣ ਲਈ ਕਿਹਾ ਗਿਆ। ਔਟਵਾ ਅਤੇ ਟੋਰੌਂਟੋ ਇਲਾਕੇ ਦੇ ਸਕੂਲ ਬੋਰਡਾਂ ਨੇ ਅੱਧੀ-ਛੁੱਟੀ ਵੇਲੇ ਬੱਚਿਆਂ ਨੂੰ ਅੰਦਰ ਹੀ ਰੱਖਿਆ ਅਤੇ ਕੁਝ ਖੇਡ ਲੀਗਾਂ ਨੇ ਬਾਹਰੀ ਖੇਡਾਂ ਅਤੇ ਅਭਿਆਸਾਂ ਨੂੰ ਰੱਦ ਕਰ ਦਿੱਤਾ। ਲੋਕਾਂ ਵੱਲੋਂ ਬਾਹਰਲੀਆਂ ਗਤੀਵਿਧੀਆਂ ਵਿਚ ਤਬਦੀਲੀ ਕੀਤੀ ਗਈ ਅਤੇ ਬਾਹਰ ਫਿਰਦੇ ਬਹੁਤ ਸਾਰੇ ਲੋਕ ਮਾਸਕ ਪਹਿਨੇ ਵੀ ਨਜ਼ਰ ਆਏ।
ਉੱਧਰ ਪੂਰਬੀ ਅਮਰੀਕਾ ਵਿਚ ਵੀ ਕੈਨੇਡਾ ਦੇ ਜੰਗਲੀ ਅੱਗਾਂ ਚੋਂ ਨਿਕਲੇ ਧੂੰਏਂ ਨੇ ਖ਼ਾਸਾ ਪ੍ਰਭਾਵ ਪਾਇਆ। ਨਿਊ ਯੌਰਕ ਅਤੇ ਵਸ਼ਿੰਗਟਨ ਡੀਸੀ ਵਿਚ ਵੀ ਹਵਾ ਦੀ ਗੁਣਵੱਤਾ ਬਾਰੇ ਚਿਤਾਵਨੀ ਜਾਰੀ ਕੀਤੀ ਗਈ। ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਬੁੱਧਵਾਰ ਨੂੰ ਇਸ ਮੁੱਦੇ ‘ਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨਾਲ ਫੋਨ ‘ਤੇ ਗੱਲ ਕੀਤੀ। ਦੋਵੇਂ ਲੀਡਰ ਇਸ ਗੱਲ ‘ਤੇ ਸਹਿਮਤ ਹੋਏ ਕਿ ਮੌਜੂਦਾ ਸਥਿਤੀ ਕਲਾਈਮੇਟ ਚੇਂਜ ‘ਤੇ ਤਰਜੀਹ ਦੇ ਅਧਾਰ ‘ਤੇ ਕੰਮ ਕਰਨ ਦੀ ਜ਼ਰੂਰਤ ਵੱਲ ਇਸ਼ਾਰਾ ਕਰਦੀ ਹੈ।
ਦ ਕੈਨੇਡੀਅਨ ਪ੍ਰੈੱਸ