ਸਾਲ 2023 ਦੌਰਾਨ ਔਟਵਾ ‘ਚ ਨਫ਼ਰਤ ਅਤੇ ਪੱਖਪਾਤ ਤੋਂ ਪ੍ਰੇਰਿਤ ਘਟਨਾਵਾਂ ਵਿਚ 23.5% ਵਾਧਾ ਹੋਇਆ ਹੈ। ਹੁਣ ਤੱਕ ਪੁਲਿਸ ਨੂੰ ਨਫ਼ਰਤ ਨਾਲ ਸਬੰਧਤ 221 ਮਾਮਲੇ ਰਿਪੋਰਟ ਹੋ ਚੁੱਕੇ ਹਨ, ਜਿਨ੍ਹਾਂ ਵਿਚੋਂ 158 ਘਟਨਾਵਾਂ ਨੂੰ ਅਪਰਾਧਕ ਮੰਨਿਆ ਗਿਆ ਹੈ। ਨਫ਼ਰਤ ਪ੍ਰੇਰਿਤ ਅਪਰਾਧਾਂ ਦੇ ਮਾਮਲਿਆਂ ਵਿਚ ਹੁਣ ਤੱਕ 23 ਲੋਕਾਂ ਨੂੰ 56 ਦੋਸ਼ਾਂ ਤਹਿਤ ਚਾਰਜ ਕੀਤਾ ਜਾ ਚੁੱਕਾ ਹੈ, ਜਿਨ੍ਹਾਂ ਵਿਚੋਂ ਇੱਕ ਦੋਸ਼ ਲੋਕਾਂ ਵਿਚ ਨਫ਼ਰਤ ਫ਼ੈਲਾਉਣ ਦਾ ਵੀ ਸੀ। ਔਟਵਾ ਪੁਲਿਸ ਚੀਫ਼ ਨੇ ਇਸ ਸਥਿਤੀ ਨੂੰ ਚਿੰਤਾਜਨਕ ਦੱਸਿਆ ਹੈ।
ਔਟਵਾ ਪੁਲਿਸ ਮੁਖੀ, ਐਰਿਕ ਸਟੱਬਜ਼ ਨੇ ਕਿਹਾ ਕਿ ਪੂਰੇ ਉੱਤਰੀ ਅਮਰੀਕਾ ਅਤੇ ਦੁਨੀਆ ਭਰ ਵਿਚ ਹੀ ਨਫ਼ਰਤੀ ਅਪਰਾਧਾਂ ਦਾ ਰੁਝਾਨ ਵਧ ਰਿਹਾ ਹੈ। 2023 ਵਿਚ ਹੁਣ ਤੱਕ ਨਫ਼ਰਤੀ ਅਪਰਾਧਾਂ ਵਿਚ ਸਭ ਤੋਂ ਵੱਧ ਪੀੜਤ ਯਹੂਦੀ ਭਾਈਚਾਰੇ ਦੇ ਲੋਕ ਰਹੇ, ਜਿੱਥੇ ਕਰੀਬ 36 ਮਾਮਲੇ ਰਿਪੋਰਟ ਕੀਤੇ ਗਏ। ਦੂਸਰੇ ਨੰਬਰ ‘ਤੇ ਐਲਜੀਬੀਟੀਕਿਊ ਭਾਈਚਾਰੇ ਦੇ ਵਿਰੁੱਧ ਹੋਣ ਵਾਲੇ ਨਫ਼ਰਤੀ ਅਪਰਾਧਾਂ ਦੇ 32 ਮਾਮਲੇ ਦਰਜ ਹੋਏ। ਇਸ ਤੋਂ ਇਲਾਵਾ ਮੁੱਖ ਤੌਰ ‘ਤੇ ਬਲੈਕ, ਮੁਸਲਿਮ, ਅਤੇ ਚਾਈਨੀਜ਼ ਭਾਈਚਾਰੇ ਦੇ ਲੋਕ ਨਫ਼ਰਤ ਪ੍ਰੇਰਿਤ ਅਪਰਾਧਾਂ ਦਾ ਸ਼ਿਕਾਰ ਹੋਏ।
ਪੁਲਿਸ ਮੁਖੀ ਨੇ ਕਿਹਾ ਕਿ ਅਸਲ ਮਾਮਲੇ ਸਾਹਮਣੇ ਆਏ ਮਾਮਲਿਆਂ ਤੋਂ ਵੱਧ ਵੀ ਹੋ ਸਕਦੇ ਹਨ, ਕਿਉਂਕਿ ਵੱਡੀ ਗਿਣਤੀ ਵਿਚ ਅਜਿਹੇ ਮਾਮਲੇ ਪੁਲਿਸ ਨੂੰ ਰਿਪੋਰਟ ਹੀ ਨਹੀਂ ਕੀਤੇ ਜਾਂਦੇ।ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ, 2021 ਵਿੱਚ, ਕੈਨੇਡਾ ਦੇ 35 ਮੈਟਰੋਪੋਲੀਟਨ ਖੇਤਰਾਂ ਵਿੱਚੋਂ ਔਟਵਾ ਵਿਚ ਪ੍ਰਤੀ 100,000 ਆਬਾਦੀ ਵਿੱਚ 23.2 ਘਟਨਾਵਾਂ ਦੀ ਦਰ ਦੇ ਨਾਲ ਸਭ ਤੋਂ ਵੱਧ ਨਫ਼ਰਤ ਅਪਰਾਧ ਦਰ ਸੀ – ਜੋ ਕਿ 8.8 ਦੀ ਰਾਸ਼ਟਰੀ ਔਸਤ ਦਰ ਤੋਂ ਬਹੁਤ ਜ਼ਿਆਦਾ ਸੀ। ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਸਿਰਫ਼ 23 ਤੋਂ 30 ਪ੍ਰਤੀਸ਼ਤ ਨਫ਼ਰਤੀ ਅਪਰਾਧ ਹੀ ਰਿਪੋਰਟ ਕੀਤੇ ਜਾਂਦੇ ਹਨ।
ਔਟਵਾ ਪੁਲਿਸ ਨੇ ਕਿਹਾ ਕਿ ਮੁਲਕ ਭਰ ਵਿਚ ਹੀ ਪੁਲਿਸ ਨੂੰ ਰਿਪੋਰਟ ਹੋਣ ਵਾਲੇ ਮਾਮਲਿਆਂ ਵਿਚ ਵੀ ਵਾਧਾ ਹੋ ਰਿਹਾ ਹੈ। 2021 ਵਿਚ ਪੁਲਿਸ ਨੂੰ ਰਿਪੋਰਟ ਹੋਣ ਵਾਲੇ ਮਾਮਲਿਆਂ ਵਿਚ 27 ਪ੍ਰਤੀਸ਼ਤ ਵਾਧਾ ਹੋਇਆ ਸੀ। ਪੁਲਿਸ ਨੇ ਕਿਹਾ ਕਿ ਉਹ ਸੁਰੱਖਿਆ ਚਿੰਤਾਵਾਂ ਨੂੰ ਬਿਹਤਰ ਢੰਗ ਨਾਲ ਹੱਲ ਕਰਨ ਲਈ ਪ੍ਰਭਾਵਿਤ ਭਾਈਚਾਰਿਆਂ ਨਾਲ ਮਿਲ ਕੇ ਕੰਮ ਕਰ ਰਹੇ ਹਨ, ਜਿਸ ਵਿੱਚ ਪ੍ਰਾਈਡ ਜਸ਼ਨਾਂ ਦੀ ਰੱਖਿਆ ਕਰਨਾ ਅਤੇ ਨਫ਼ਰਤੀ ਅਪਰਾਧਾਂ ਦੀ ਰਿਪੋਰਟ ਕਿਵੇਂ ਕਰਨੀ ਹੈ ਇਸ ਬਾਰੇ ਜਨਤਾ ਨੂੰ ਸਿੱਖਿਅਤ ਕਰਨਾ ਸ਼ਾਮਲ ਹੈ।
ਦ ਕੈਨੇਡੀਅਨ ਪ੍ਰੈੱਸ