ਓਟਾਵਾ ਦੇ 24 ਸਸੇਕਸ ਡਰਾਈਵ ‘ਤੇ ਸਥਿਤ ਖ਼ਸਤਾ ਹਾਲ ਹਵੇਲੀ ਨੂੰ ਛੱਡ ਕੇ ਪ੍ਰਧਾਨ ਮੰਤਰੀ ਦਾ ਅਧਿਕਾਰਤ ਨਿਵਾਸ ਸ਼ਹਿਰ ਵਿਚ ਕਿਤੇ ਹੋਰ ਬਣਾਉਣ ‘ਤੇ ਫ਼ੈਡਰਲ ਸਰਕਾਰ ਵਿਚਾਰ ਕਰ ਰਹੀ ਹੈ। ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹਾਇਸ਼ ਲਈ ਇੰਚਾਰਜ ਵੱਖ-ਵੱਖ ਫ਼ੈਡਰਲ ਏਜੰਸੀਆਂ ਨੇ ਜ਼ਮੀਨ ਦੇ ਹੋਰ ਪਲਾਟਾਂ ਦੀ ਪਛਾਣ ਕੀਤੀ ਹੈ ਜਿੱਥੇ ਇੱਕ ਅਧਿਕਾਰਤ ਨਿਵਾਸ ਬਣਾਇਆ ਜਾ ਸਕਦਾ ਹੈ ਜੋਕਿ 24 ਸਸੇਕਸ ਨਾਲੋਂ ਵੱਡਾ, ਸੁਰੱਖਿਅਤ ਅਤੇ ਵਧੇਰੇ ਪਹੁੰਚਯੋਗ ਹੋਵੇ।
ਕਈ ਸੂਤਰਾਂ ਅਤੇ ਮਾਹਰਾਂ ਨੇ ਰੇਡੀਓ-ਕੈਨੇਡਾ ਨੂੰ ਦੱਸਿਆ ਹੈ ਕਿ ਕਈ ਦਹਾਕਿਆਂ ਦੀ ਅਣਗਹਿਲੀ ਤੋਂ ਬਾਅਦ 24 ਸਸੇਕਸ ਖ਼ਸਤਾ ਹਾਲ ਹੈ ਅਤੇ ਇਹ ਆਧੁਨਿਕ ਸੁਰੱਖਿਆ ਮਾਪਦੰਡਾਂ ਨੂੰ ਪੂਰਾ ਕਰਨ ਲਈ ਵੀ ਬਹੁਤ ਛੋਟਾ ਹੈ। ਸੂਤਰਾਂ ਨੇ ਦੱਸਿਆ ਕਿ ਵਿਚਾਰ ਅਧੀਨ ਜ਼ਮੀਨਾਂ ਵਿੱਚੋਂ ਇੱਕ ਰੌਕਕਲਿਫ਼ ਪਾਰਕ ਵਿੱਚ ਹੈ, ਜੋ ਕਿ ਓਟਾਵਾ ਨਦੀ ਦੇ ਨਾਲ ਇੱਕ ਸੁੰਦਰ ਸਥਾਨ ਹੈ ਜਿੱਥੇ ਅਕਸਰ ਪਿਕਨਿਕਾਂ ਅਤੇ ਵਿਆਹ ਆਯੋਜਿਤ ਕੀਤੇ ਜਾਂਦੇ ਹਨ। ਪਾਰਕ ਵਿਚ ਇੱਕ ਹੋਰ ਪਾਰਕਿੰਗ ਲੌਟ ਹੈ ਜੋ ਕਿ ਜੰਗਲਾਂ ਨਾਲ ਘਿਰਿਆ ਹੈ। ਇਹ ਇਲਾਕਾ 24 ਸਸੇਕਸ ਦੇ ਮੁਕਾਬਲੇ ਸੜਕ ਅਤੇ ਔਟਵਾ ਨਦੀ ਤੋਂ ਵੀ ਦੂਰ ਹੈ – ਜਿਸ ਕਰਕੇ ਇਸਨੂੰ ਸੁਰੱਖਿਆ ਮਾਹਰ ਇੱਕ ਤਰਜੀਹੀ ਵਿਕਲਪ ਵੱਜੋਂ ਦੇਖਦੇ ਹਨ।
ਸਰਕਾਰ ਨੇ ਰੌਕਕਲਿਫ਼ ਪਾਰਕ ਦੇ ਪੂਰਬ ਵੱਲ RCMP ਮਿਊਜ਼ਿਕਲ ਰਾਈਡ ਟ੍ਰੇਨਿੰਗ ਸੈਂਟਰ ਦੇ ਨੇੜੇ ਵੀ ਇੱਕ ਸਾਈਟ ਦਾ ਮੁਲਾਂਕਣ ਕੀਤਾ ਹੈ। ਸੂਤਰਾਂ ਨੇ ਕਿਹਾ ਕਿ ਉੱਥੇ ਦਾ ਪੱਧਰਾ ਖੇਤਰ ਸੜਕ ਤੋਂ ਜ਼ਿਆਦਾ ਦਿਖਾਈ ਦਿੰਦਾ ਹੈ ਅਤੇ ਇਸ ਜਗ੍ਹਾ ਨੂੰ ਕੰਡਿਆਲੀ ਤਾਰ ਲਗਾਉਣ ਦੀ ਲੋੜ ਹੋਵੇਗੀ ਜਿਸ ਨਾਲ ਇਹ ਕਿਲ੍ਹੇ ਵਰਗਾ ਦਿਖਾਈ ਦੇਵੇਗਾ। ਫ਼ੈਡਰਲ ਸਰਕਾਰ ਦੀ ਮਲਕੀਅਤ ਵਾਲੀ ਜ਼ਮੀਨ ਦੇ ਹੋਰ ਪਲਾਟਾਂ ਦਾ ਵੀ ਅਧਿਐਨ ਕੀਤਾ ਜਾ ਰਿਹਾ ਹੈ। ਇੱਕ ਸੂਤਰ ਨੇ ਦੱਸਿਆ ਕਿ ਇੱਕ ਸਮੇਂ ‘ਤੇ ਸਟੋਰਨੋਵੇ ਵਿਖੇ ਸਥਿਤ ਵਿਰੋਧੀ ਧਿਰ ਦੇ ਲੀਡਰ ਦੇ ਸਰਕਾਰੀ ਨਿਵਾਸ ਨੂੰ ਵੀ ਵਿਚਾਰਿਆ ਗਿਆ ਸੀ।
ਪ੍ਰਧਾਨ ਮੰਤਰੀ ਦੀ ਰਿਹਾਇਸ਼ ਨੂੰ ਪੱਕੇ ਤੌਰ ‘ਤੇ ਰਾਈਡੋ ਹਾਲ ਦੇ ਅਹਾਤੇ ਵਿਚ ਸਥਿਤ ਰਾਈਡੋ ਕੌਟੇਜ ਵਿੱਚ ਤਬਦੀਲ ਕਰਨਾ ਇੱਕ ਹੋਰ ਵਿਚਾਰ ਅਧੀਨ ਵਿਕਲਪ ਹੈ। ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ 2016 ਤੋਂ ਇੱਕ ਅਸਥਾਈ ਬੰਦੋਬਸਤ ਵਿਚ ਰਾਈਡੋ ਹਾਲ ਵਿਚ ਰਹਿ ਰਹੇ ਹਨ। ਸੂਤਰ ਅਨੁਸਾਰ ਫ਼ਿਲਹਾਲ ਕੋਈ ਅੰਤਿਮ ਫ਼ੈਸਲਾ ਨਹੀਂ ਹੋਇਆ ਹੈ। ਕਿਸੇ ਵੀ ਵਿਕਲਪ ਨੂੰ ਸਰਬਸੰਮਤੀ ਨਹੀਂ ਮਿਲੀ ਹੈ ਅਤੇ ਹਰੇਕ ਵਿਕਲਪ ਦੇ ਆਪਣੇ ਫ਼ਾਇਦੇ ਤੇ ਨੁਕਸਾਨ ਹਨ।
(ਸੀਬੀਸੀ ਨਿਊਜ਼)