1,500 ਤੋਂ ਵੱਧ ਕੈਨੇਡੀਅਨਜ਼ ਵੱਲੋਂ ਦਸਤਖ਼ਤ ਕੀਤੀ ਇੱਕ ਪਟੀਸ਼ਨ ਵਿਚ ਸਰਕਾਰ ਨੂੰ ਵਰਚੂਅਲ ਨਾਗਰਿਕਤਾ ਸਮਾਗਮ ਨੂੰ ਬੰਦ ਕਰਨ ਦੀ ਮੰਗ ਕੀਤੀ ਗਈ ਹੈ, ਜਿਸ ਤੋਂ ਬਾਅਦ ਫ਼ੈਡਰਲ ਇਮੀਗ੍ਰੇਸ਼ਨ ਮਿਨਿਸਟਰ ਨੇ ਕਿਹਾ ਕਿ ਸਰਕਾਰ ਵਰਚੂਅਲ ਸਮਾਗਮ ਬਾਬਤ ਵਿਕਲਪਾਂ ਦੀ ਸਮੀਖਿਆ ਕਰ ਰਹੀ ਹੈ। ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਨੇ ਪਿਛਲੇ ਹਫ਼ਤੇ ਕਿਹਾ, ਆਪਣੀ ਨਾਗਰਿਕਤਾ ਦੀਆਂ ਰਸਮਾਂ ਸਭ ਦੇ ਸਾਹਮਣੇ, ਆਪਣੇ ਸਾਰੇ ਪਰਿਵਾਰ ਅਤੇ ਨਵੇਂ ਕੈਨੇਡੀਅਨ ਬਣ ਰਹੇ ਲੋਕਾਂ ਦੇ ਨਾਲ ਕਰਨਾ, ਜੀਵਨ ਵਿੱਚ ਯਾਦਗਾਰੀ ਪਲ ਹੁੰਦਾ ਹੈ। ਇਹ ਪੂਰਨ ਤੌਰ ‘ਤੇ ਤਰਜੀਹੀ ਵਿਕਲਪ ਹੈ।
ਇਮੀਗ੍ਰੇਸ਼ਨ, ਰਿਫ਼ਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (IRCC) ਨੇ COVID-19 ਮਹਾਂਮਾਰੀ ਦੇ ਦੌਰਾਨ ਸਮਾਜਿਕ ਦੂਰੀ ਵਰਗੇ ਉਪਾਵਾਂ ਅਤੇ ਵਧ ਰਹੇ ਬੈਕਲੌਗ ਨੂੰ ਦੂਰ ਕਰਨ ਦੇ ਮੱਦੇਨਜ਼ਰ ਵਰਚੂਅਲ ਸਮਾਗਮਾਂ ਦਾ ਆਯੋਜਨ ਕਰਨਾ ਸ਼ੁਰੂ ਕੀਤਾ ਸੀ। ਭਾਗ ਨੇ ਕਿਹਾ ਕਿ ਇਹ ਵਿਕਲਪ ਕਾਫ਼ੀ ਪ੍ਰਸਿੱਧ ਹੋਇਆ ਹੈ : 2022 ਦੇ ਪਿਛਲੇ ਛੇ ਮਹੀਨਿਆਂ ਵਿੱਚ 10 ਪ੍ਰਤੀਸ਼ਤ ਤੋਂ ਵੀ ਘੱਟ ਨਵੇਂ ਕੈਨੇਡੀਅਨਜ਼ ਨੇ ਵਿਅਕਤੀਗਤ ਸਮਾਗਮਾਂ ਲਈ ਹਾਜ਼ਰੀ ਜਤਾਈ।
ਪਰ ਵਰਚੂਅਲ ਸਮਾਗਮ ਦੇ ਵਿਕਲਪ ਦਾ ਵਿਰੋਧ ਵੀ ਗਤੀ ਪਕੜ ਰਿਹੈ। IRCC ਦੇ ਸਾਬਕਾ ਡਾਇਰੈਕਟਰ ਜਨਰਲ, ਐਂਡਰੂ ਗ੍ਰਿਫ਼ਿਥ , ਜਿਨ੍ਹਾਂ ਨੇ ਇਹ ਪਟੀਸ਼ਨ ਸ਼ੁਰੂ ਕੀਤੀ ਹੈ, ਨੇ ਕਿਹਾ, ਸਿਟੀਜ਼ਨਸ਼ਿਪ ਸਮਾਗਮ ਇੱਕ ਅਕਸਰ-ਲੰਬੀ ਅਤੇ ਮੁਸ਼ਕਲ ਇਮੀਗ੍ਰੇਸ਼ਨ ਯਾਤਰਾ ਦੇ ਅੰਤ ਨੂੰ ਦਰਸਾਉਂਦੇ ਹਨ, ਅਤੇ ਨਵੇਂ ਅਤੇ ਮੌਜੂਦਾ ਕੈਨੇਡੀਅਨਜ਼ ਲਈ ਇੱਕ ਵਿਲੱਖਣ ਜਸ਼ਨ ਦਾ ਪਲ ਪ੍ਰਦਾਨ ਕਰਦੇ ਹਨ। ਪਟੀਸ਼ਨ ਕਰਤਾਵਾਂ ਵਿਚ ਕੈਨੇਡਾ ਦੀ ਸਾਬਕਾ ਗਵਰਨਰ ਜਨਰਲ ਐਡਰੀਐਨ ਕਲਾਰਕਸਨ ਵੀ ਸ਼ਾਮਲ ਹੈ, ਜੋ ਖ਼ੁਦ 1941 ਬਤੌਰ ਰਿਫ਼ਿਊਜੀ ਕੈਨੇਡਾ ਆਈ ਸੀ।