ਗਲੋਬਲ ਅਫ਼ੇਅਰਜ਼ ਕੈਨੇਡਾ ਦਾ ਕਹਿਣਾ ਹੈ ਕਿ ਅਗਸਤ ਅਤੇ ਸਤੰਬਰ ਵਿੱਚ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ, ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਅਤੇ ਹੋਰ ਐਮਪੀਜ਼ ਨੂੰ ਨਿਸ਼ਾਨਾ ਬਣਾਉਣ ਵਾਲੀ ਗ਼ਲਤ ਪ੍ਰਚਾਰ ਕਰਨ ਵਾਲੀ ਮੁਹਿੰਮ ਪਿੱਛੇ ਸੰਭਾਵੀ ਤੌਰ ‘ਤੇ ਚੀਨ ਸਰਕਾਰ ਦਾ ਹੱਥ ਸੀ। ਵਿਭਾਗ ਦੇ ਰੈਪਿਡ ਰਿਸਪਾਂਸ ਮਕੈਨਿਜ਼ਮ, ਜੋ ਕਿ ਵਿਦੇਸ਼ੀ ਸਰਕਾਰ ਵੱਲੋਂ ਸਮਰਥਤ ਗ਼ਲਤ ਜਾਣਕਾਰੀ ਫ਼ੈਲਾਉਣ ਦੀਆਂ ਕੋਸ਼ਿਸ਼ਾਂ ਦੀ ਨਿਗਰਾਨੀ ਕਰਨ ਲਈ ਸਥਾਪਿਤ ਕੀਤਾ ਗਿਆ ਸੀ, ਨੇ ਕਿਹਾ ਕਿ ਇਹ ਮੁਹਿੰਮ ਪੀਪਲਜ਼ ਰੀਪਬਲਿਕ ਔਫ਼ ਚਾਈਨਾ ਨਾਲ ਸਬੰਧਤ ਸੀ ਅਤੇ ਇਹ ਕਮਿਊਨਿਸਟ ਸਰਕਾਰ ਦੀ ਆਲੋਚਨਾ ਨੂੰ ਰੋਕਣ ਲਈ ਸੀ।
ਸੋਮਵਾਰ ਸਵੇਰੇ ਜਾਰੀ ਕੀਤੀ ਗਈ ਇੱਕ ਰਿਪੋਰਟ ਦੇ ਅਨੁਸਾਰ, ਪ੍ਰਚਾਰ ਮੁਹਿੰਮ ਅਗਸਤ ਵਿੱਚ ਸ਼ੁਰੂ ਹੋਈ ਸੀ ਅਤੇ ਵੱਖ ਵੱਖ ਪਾਰਟੀਆਂ ਦੇ ਦਰਜਨਾਂ ਐਮਪੀਜ਼ ਨੂੰ ਨਿਸ਼ਾਨਾ ਬਣਾਇਆ ਗਿਆ ਸੀ। Spamouflage ਮੁਹਿੰਮ ਉਹ ਹੁੰਦੀ ਹੈ ਜੋ ਫੇਸਬੁੱਕ, ਐਕਸ/ਟਵਿੱਟਰ, ਇੰਸਟਾਗ੍ਰਾਮ, ਯੂਟਿਊਬ, ਮੀਡੀਅਮ, ਰੈੱਡਿਟ, ਟਿਕਟੌਕ ਅਤੇ ਲਿੰਕਡਇਨ ਵਰਗੇ ਵੱਖ-ਵੱਖ ਪਲੇਟਫਾਰਮਾਂ ‘ਤੇ ਪ੍ਰਚਾਰ ਸੰਦੇਸ਼ਾਂ ਨੂੰ ਪੋਸਟ ਕਰਨ ਲਈ ਨਵੇਂ ਜਾਂ ਹਾਈਜੈਕ ਕੀਤੇ ਸੋਸ਼ਲ ਮੀਡੀਆ ਖਾਤਿਆਂ ਦੀ ਵਰਤੋਂ ਕਰਦੀ ਹੈ। ਗਲੋਬਲ ਅਫ਼ੇਅਰਜ਼ ਕੈਨੇਡਾ ਨੇ ਕਿਹਾ ਕਿ ਬੋਟ ਨੈਟਵਰਕ ਨੇ ਸਤੰਬਰ ਦੇ ਲੌਂਗ ਵੀਕਐਂਡ ਦੌਰਾਨ ਜੋਰ ਫ਼ੜਿਆ ਸੀ ਅਤੇ ਐਮਪੀਜ਼ ਦੇ ਸੋਸ਼ਲ ਮੀਡੀਆ ਖਾਤਿਆਂ ‘ਤੇ ਅੰਗਰੇਜ਼ੀ ਅਤੇ ਫ੍ਰੈਂਚ ਵਿੱਚ ਹਜ਼ਾਰਾਂ ਕੁਮੈਂਟ ਕੀਤੇ ਗਏ ਸਨ। ਗਲੋਬਲ ਅਫ਼ੇਅਰਜ਼ ਕੈਨੇਡਾ ਅਨੁਸਾਰ ਪੋਸਟਾਂ ਵਿੱਚ ਦਾਅਵਾ ਕੀਤਾ ਗਿਆ ਕਿ ਕੈਨੇਡਾ ਵਿੱਚ ਚੀਨੀ ਕਮਿਊਨਿਸਟ ਪਾਰਟੀ ਦੇ ਇੱਕ ਆਲੋਚਕ ਨੇ ਵੱਖ-ਵੱਖ ਐਮਪੀਜ਼ ‘ਤੇ ਅਪਰਾਧਿਕ ਅਤੇ ਨੈਤਿਕ ਉਲੰਘਣਾ ਦੇ ਦੋਸ਼ ਲਗਾਏ ਹਨ।
ਵਿਭਾਗ ਨੇ ਕਿਹਾ ਕਿ ਇਹ ਉਹੀ ਬੋਟ ਨੈਟਵਰਕ ਸਨ ਜਿਨਾਂ ਨੇ ਇਹ ਗ਼ਲਤ ਜਾਣਕਾਰੀ ਵੀ ਫ਼ੈਲਾਈ ਸੀ ਕਿ ਹਵਾਈ ਦੀ ਜੰਗਲੀ ਅੱਗ ਇੱਕ ਗੁਪਤ ਅਮਰੀਕੀ ਫੌਜੀ ਮੌਸਮੀ ਹਥਿਆਰ ਕਾਰਨ ਹੋਈ ਸੀ, ਅਤੇ ਅਗਸਤ 2023 ਵਿੱਚ ਜਪਾਨ ਦੇ ਫ਼ੂਕੂਸ਼ੀਮਾ ਪ੍ਰਮਾਣੂ ਪਲਾਂਟ ਤੋਂ ਕਈ ਮਿਲੀਅਨ ਟਨ ਰੈਡੀਓ ਐਕਟਿਵ ਪਾਣੀ ਛੱਡਣ ਬਾਰੇ ਵੀ ਝੂਠ ਪ੍ਰਚਾਰ ਕੀਤਾ ਸੀ। ਗਲੋਬਲ ਅਫ਼ੇਅਰਜ਼ ਦੀ ਰਿਪੋਰਟ ਕਹਿੰਦੀ ਹੈ ਕਿ ਇਸ ਆਪ੍ਰੇਸ਼ਨ ਦਾ ਟੀਚਾ ਦੋ ਪੱਧਰੀ ਸੀ। ਪਹਿਲਾ, ਕੈਨੇਡਾ ਵਿੱਚ ਚੀਨੀ ਬੋਲਣ ਵਾਲੀ ਇੱਕ ਪ੍ਰਸਿੱਧ ਸ਼ਖਸੀਅਤ ਦੀ ਵਰਤੋਂ ਕਰਦਿਆਂ, ਐਮਪੀ ਨੂੰ ਬਦਨਾਮ ਕਰਨ ਲਈ ਉਸਦੇ ਰਾਜਨੀਤਿਕ ਅਤੇ ਨੈਤਿਕ ਮਿਆਰਾਂ ‘ਤੇ ਸਵਾਲ ਉਠਾਉਂਦੀਆਂ ਸੋਸ਼ਲ ਮੀਡੀਆ ਪੋਸਟਾਂ ਅਤੇ ਵੀਡੀਓਜ਼ ਪੋਸਟ ਕਰਨਾ।
ਦੂਸਰਾ, ਸੰਭਾਵਿਤ ਤੌਰ ‘ਤੇ, ਐਮਪੀਜ਼ ਨੂੰ ਆਲੋਚਕਾਂ ਤੋਂ ਦੂਰੀ ਬਣਵਾਕੇ ਅਤੇ ਔਨਲਾਈਨ ਭਾਈਚਾਰਿਆਂ ਨਾਲ ਵਿਆਪਕ ਜੁੜਾਅ ਨੂੰ ਠੁੱਸ ਕਰਕੇ, ਸੀਸੀਪੀ ਦੀ ਆਲੋਚਨਾ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰਨਾ। ਗਲੋਬਲ ਅਫ਼ੇਅਰਜ਼ ਕੈਨੇਡਾ ਨੇ ਕਿਹਾ ਕਿ ਸਰਕਾਰ ਸਥਿਤੀ ਦੀ ਨਿਗਰਾਨੀ ਕਰਨਾ ਜਾਰੀ ਰੱਖੇਗੀ ਅਤੇ ਲੋੜ ਪੈਣ ‘ਤੇ ਜਨਤਕ ਖੁਲਾਸੇ ਅਤੇ ਕੂਟਨੀਤਕ ਸ਼ਮੂਲੀਅਤ ਸਮੇਤ ਉਚਿਤ ਜਵਾਬ ਦੇਵੇਗੀ। ਵਿਭਾਗ ਨੇ ਕਿਹਾ ਕਿ ਐਮਪੀਜ਼ ਨੂੰ ਸਲਾਹ ਦਿੱਤੀ ਗਈ ਹੈ ਕਿ ਵਿਦੇਸ਼ੀ ਦਖਲ ਤੋਂ ਆਪਣੇ ਆਪ ਨੂੰ ਕਿਵੇਂ ਬਚਾਇਆ ਜਾਵੇ।ਚੀਨ ਕੈਨੇਡੀਅਨ ਮਾਮਲਿਆਂ ਵਿਚ ਕਿਸੇ ਵੀ ਦਖ਼ਲਅੰਦਾਜ਼ੀ ਤੋਂ ਇਨਕਾਰ ਕਰਦਾ ਰਿਹਾ ਹੈ।