ਐਤਵਾਰ ਨੂੰ ਬੀਸੀ ਦੇ ਸਰੀ ਵਿੱਖੇ ਖ਼ਾਲਿਸਤਾਨ ਰਾਏਸ਼ੁਮਾਰੀ ਦੇ ਦੂਸਰੇ ਪੜਾਅ ਦੀ ਵੋਟਿੰਗ ਹੋਈ, ਜਿਸ ਵਿਚ ਪ੍ਰਬੰਧਕਾਂ ਅਨੁਸਾਰ ਹਜ਼ਾਰਾਂ ਦੀ ਗਿਣਤੀ ਵਿਚ ਲੋਕਾਂ ਨੇ ਵੋਟ ਪਾਈ। ਖ਼ਾਲਿਸਤਾਨ ਰਾਏਸ਼ੁਮਾਰੀ ਦਾ ਇਹ ਦੂਸਰਾ ਗੇੜ ਸਰੀ ਦੇ ਉਸੇ ਗੁਰੂ ਨਾਨਕ ਸਿੱਖ ਗੁਰਦੁਆਰੇ ਵਿਚ ਆਯੋਜਿਤ ਕੀਤਾ ਗਿਆ, ਜਿੱਥੇ 18 ਜੂਨ ਨੂੰ ਹਰਦੀਪ ਸਿੰਘ ਨਿੱਝਰ ਦਾ ਕਤਲ ਹੋਇਆ ਸੀ।
ਰਾਏਸ਼ੁਮਾਰੀ ‘ਚ ਮੌਜੂਦ ਰੇਡੀਓ ਪੰਜਾਬ ਦੇ ਨਿਊਜ਼ ਡਾਇਰੈਕਟਰ, ਸਰਬਰਾਜ ਕਾਹਲੋਂ ਨੇ ਇਸ ਰਾਏਸ਼ੁਮਾਰੀ ਨੂੰ ਇੱਕ ਸਫਲ ਆਯੋਜਨ ਆਖਦਿਆਂ ਦੱਸਿਆ ਕਿ ਇਸ ਵਿਚ 65,700 ਲੋਕਾਂ ਨੇ ਵੋਟ ਪਾਈ। ਪ੍ਰਬੰਧਕਾਂ ਨੇ ਕਿਹਾ ਸੀ ਕਿ ਸਤੰਬਰ ਵਿਚ ਖ਼ਾਲਿਸਤਾਨ ਰਾਏਸ਼ੁਮਾਰੀ ਦੇ ਪਹਿਲੇ ਪੜਾਅ ਦੌਰਾਨ ਇੰਨੇ ਲੋਕ ਆਏ ਸਨ ਕਿ ਵੋਟਿੰਗ ਇੱਕ ਦਿਨ ਵਿਚ ਮੁਕੰਮਲ ਨਹੀਂ ਸੀ ਕੀਤੀ ਜਾ ਸਕਦੀ, ਇਸ ਕਰਕੇ ਇੱਕ ਹੋਰ ਦਿਨ ਨਿਰਧਾਰਿਤ ਕਰਨਾ ਜ਼ਰੂਰੀ ਹੋ ਗਿਆ ਸੀ।
ਰਾਏਸ਼ੁਮਾਰੀ ਦੇ ਸਹਿ-ਆਯੋਜਕ ਗੁਰਪਤਵੰਤ ਸਿੰਘ ਪੰਨੂ ਨੇ ਐਤਵਾਰ ਸ਼ਾਮੀਂ ਇੱਕ ਬਿਆਨ ਵਿਚ ਕਿਹਾ ਕਿ ਆਯੋਜਕ 2024 ਵਿਚ ਐਬਟਸਫ਼ਰਡ, ਐਡਮੰਟਨ, ਕੈਲਗਰੀ ਅਤੇ ਮੌਂਟਰੀਅਲ ਵਿਚ ਵੀ ਖ਼ਾਲਿਸਤਾਨ ਰਾਏਸ਼ੁਮਾਰੀ ਦੀਆਂ ਯੋਜਨਾਵਾਂ ਬਣਾ ਰਹੇ ਹਨ।