ਕੈਨੇਡਾ ’ਚ ਪਿਛਲੇ ਸਾਲ ਨਾਲੋਂ ਇਸ ਸਾਲ ਕਾਰ ਚੋਰੀ ਦੀਆਂ ਘਟਨਾਵਾਂ ’ਚ 50 ਫ਼ੀਸਦੀ ਦਾ ਵਾਧਾ ਹੋਇਆ ਹੈ। ਕਾਰ ਚੋਰੀ ਦੇ ਮਾਮਲਿਆਂ ਵਿੱਚ ਕੈਨੇਡਾ ਦੁਨੀਆ ’ਚ ਸਭ ਤੋਂ ਅੱਗੇ ਹੈ। ਕੈਨੇਡੀਅਨ ਫਾਈਨਾਂਸ ਐਂਡ ਲੀਜ਼ਿੰਗ ਐਸੋਸੀਏਸ਼ਨ ਦੀ 2023 ਦੀ ਰਿਪੋਰਟ ਅਨੁਸਾਰ ਕੈਨੇਡਾ ਵਿੱਚ ਔਸਤ ਹਰ 6 ਮਿੰਟ ਵਿੱਚ ਇਕ ਕਾਰ ਚੋਰੀ ਹੁੰਦੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਪੰਜਾਬ ਅਤੇ ਭਾਰਤ ਦੇ ਵਿਦਿਆਰਥੀਆਂ ਦੀ ਕਾਰ ਚੋਰੀ ਅਤੇ ਹੋਰ ਅਪਰਾਧਾਂ ਵਿੱਚ ਸ਼ਮੂਲੀਅਤ ਵਧਦੀ ਜਾ ਰਹੀ ਹੈ। ਇਸ ਸਾਲ ਪਿਛਲੇ 7 ਮਹੀਨਿਆਂ ਵਿੱਚ ਕਾਰਾਂ ਦੀ ਕੁੱਲ ਚੋਰੀ ਦੇ ਮਾਮਲਿਆਂ ਵਿੱਚ ਲਗਭਗ 40 ਫ਼ੀਸਦੀ ਭਾਰਤੀ ਮੂਲ ਦੇ ਲੋਕ ਸ਼ਾਮਲ ਸਨ। ਇਸ ਤੋਂ ਇਲਾਵਾ ਜਦੋਂ ਜੂਨ 2021 ਵਿੱਚ ਕੈਨੇਡਾ ਦੇ ਇਤਿਹਾਸ ਦੇ ਸਭ ਤੋਂ ਵੱਡੇ ਅੰਤਰਰਾਸ਼ਟਰੀ ਡਰੱਗ ਰੈਕੇਟ ਦਾ ਪਰਦਾਫਾਸ਼ ਕੀਤਾ ਗਿਆ ਸੀ ਤਾਂ ਵੀ ਪੰਜਾਬੀ ਮੂਲ ਦੇ ਭਾਰਤੀ ਇਸ ਵਿੱਚ ਪਿੱਛੇ ਨਹੀਂ ਸਨ।
ਟੋਰਾਂਟੋ ਪੁਲਸ ਨੇ 20 ਵਿਅਕਤੀਆਂ ਨੂੰ 1000 ਕਿੱਲੋ ਤੋਂ ਵੱਧ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ 61 ਮਿਲੀਅਨ ਡਾਲਰ ਸੀ। ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿੱਚ 9 ਪੰਜਾਬੀ ਮੂਲ ਦੇ ਸਨ। ਟੋਰਾਂਟੋ ਪੁਲਸ ਨੇ ਸ਼ਹਿਰ ਵਾਸੀਆਂ ਤੋਂ ਚੋਰੀ ਹੋਈਆਂ ਇਕ ਹਜ਼ਾਰ ਤੋਂ ਵੱਧ ਕਾਰਾਂ ਬਰਾਮਦ ਕੀਤੀਆਂ ਹਨ। 228 ਵਿਅਕਤੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ। ਇਨ੍ਹਾਂ ਵਿੱਚ 75 ਪੰਜਾਬੀ ਨੌਜਵਾਨ ਸ਼ਾਮਲ ਹਨ। ਇਨ੍ਹਾਂ ਵਿੱਚੋਂ ਕਈ ਨੌਜਵਾਨਾਂ ਦੀ ਉਮਰ ਸਿਰਫ਼ 20 ਸਾਲ ਦੇ ਕਰੀਬ ਹੈ। ਚੋਰੀ ਹੋਈਆਂ ਕਾਰਾਂ ਦੀ ਕੀਮਤ 6 ਅਰਬ ਰੁਪਏ ਤੋਂ ਵੱਧ ਸੀ। ਅਪ੍ਰੈਲ ਵਿੱਚ ਕੈਨੇਡੀਅਨ ਪੁਲਸ ਨੇ ਕਾਰ ਚੋਰੀ ਕਰਨ ਵਾਲੇ ਇਕ ਗਿਰੋਹ ਦਾ ਪਰਦਾਫਾਸ਼ ਕੀਤਾ ਸੀ। ਇਸ 119 ਮੈਂਬਰੀ ਚੋਰ ਗਿਰੋਹ ਵਿੱਚ 47 ਪੰਜਾਬੀ ਵੀ ਸ਼ਾਮਲ ਸਨ। ਇਨ੍ਹਾਂ ਕੋਲੋਂ 556 ਕਾਰਾਂ ਬਰਾਮਦ ਹੋਈਆਂ ਹਨ। ਇਨ੍ਹਾਂ ਦੀ ਕੀਮਤ ਕਰੀਬ 17 ਕਰੋੜ ਰੁਪਏ ਸੀ।
ਇਕੁਇਟੀ ਐਸੋਸੀਏਸ਼ਨ ਨੇ ਦੇਸ਼ ਵਿੱਚ ਚੋਟੀ ਦੀਆਂ 10 ਸਭ ਤੋਂ ਵੱਧ ਚੋਰੀ ਹੋਈਆਂ ਕਾਰਾਂ ਦੀ ਸੂਚੀ ਜਾਰੀ ਕੀਤੀ ਹੈ। 2017 ਤੋਂ ਬਾਅਦ ਬਣੀਆਂ ਐੱਸ. ਯੂ. ਵੀ. ਅਕਸਰ ਸਭ ਤੋਂ ਵੱਧ ਨਿਸ਼ਾਨਾ ਬਣੀਆਂ ਹੁੰਦੀਆਂ ਹਨ। 2016 ਅਤੇ 2021 ਦਰਮਿਆਨ ਬਣੀ ਹੌਂਡਾ ਸੀ. ਆਰ.-ਵੀ. ਕੈਨੇਡਾ ਵਿੱਚ ਸਭ ਤੋਂ ਵੱਧ ਚੋਰੀ ਹੋਣ ਵਾਲੀ ਕਾਰ ਹੈ। ਇਸ ਤੋਂ ਬਾਅਦ ਉਸੇ ਸਮੇਂ ਦੌਰਾਨ ਬਣੀ ਲੈਕਸਸ ਆਰ. ਐਕਸ ਹੈ। ਲੈਕਸਸ ਓਂਟਾਰੀਓ ਵਿੱਚ ਸਭ ਤੋਂ ਵੱਧ ਚੋਰੀ ਹੋਈਆਂ ਕਾਰਾਂ ਵਿੱਚੋਂ ਇਕ ਹੈ। ਇਹ ਪੇਂਡੂ ਖੇਤਰਾਂ ਨਾਲੋਂ ਟੋਰਾਂਟੋ ਵਰਗੇ ਸ਼ਹਿਰਾਂ ਵਿੱਚ ਵਧੇਰੇ ਆਮ ਹੈ। ਇਸੇ ਤਰ੍ਹਾਂ ਫੋਰਡ-ਐੱਫ 350 ਵਰਗੇ ਟਰੱਕ ਅਲਬਰਟਾ ਜਾਂ ਪੱਛਮੀ ਕੈਨੇਡਾ ਵਿੱਚ ਆਮ ਹਨ। ਇਹ ਕਿਸਾਨ ਭਾਈਚਾਰਿਆਂ ’ਚ ਪ੍ਰਸਿੱਧ ਹਨ। ਕੈਨੇਡਾ ਇੰਸ਼ੋਰੈਂਸ ਬਿਊਰੋ ਦੇ ਅੰਕੜੇ ਦੱਸਦੇ ਹਨ ਕਿ 2009 ਵਿੱਚ ਸਭ ਤੋਂ ਵੱਧ ਚੋਰੀ ਹੋਈਆਂ ਕਾਰਾਂ ਹੌਂਡਾ ਸਿਵਿਕ, ਕੈਡਿਲੈਕ ਐਸਕਲੇਡ, ਐਕੁਰਾ ਆਰ. ਐੱਸ. ਐਕਸ., ਐਕੁਰਾ ਇੰਟੀਗਰਾ ਅਤੇ ਆਡੀ ਐੱਸ-4 ਕਵਾਟਰੋ ਸਨ।
ਪੁਲਸ ਸੂਤਰਾਂ ਦੇ ਹਵਾਲੇ ਨਾਲ ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਮਾਂਟਰੀਅਲ ਸਥਿਤ ਵੱਡੇ ਸਥਾਪਿਤ ਸੰਗਠਿਤ ਅਪਰਾਧਿਕ ਗਿਰੋਹ ਹੀ ਚੋਰੀਆਂ ਕਰਦੇ ਹਨ। ਇਹ ਚੋਰੀ ਦਾ ਧੰਦਾ ਇੰਨਾ ਮੁਨਾਫ਼ੇ ਵਾਲਾ ਹੋ ਗਿਆ ਹੈ ਕਿ ਘੱਟ ਤਕਨੀਕੀ ਮੁਹਾਰਤ ਵਾਲੇ ਹੋਰ ਗੈਂਗ ਵੀ ਇਸ ਵਿੱਚ ਸ਼ਾਮਲ ਹੋ ਰਹੇ ਹਨ। ਕੈਨੇਡਾ ਵਿੱਚ ਚੋਰੀ ਕੀਤੀਆਂ ਕਾਰਾਂ ਅਕਸਰ ਮਾਂਟਰੀਅਲ ਦੀ ਬੰਦਰਗਾਹ ਤੋਂ ਬਾਹਰ ਭੇਜੀਆਂ ਜਾਂਦੀਆਂ ਹਨ। ਪੁਲਸ ਦਾ ਕਹਿਣਾ ਹੈ ਕਿ ਬੰਦਰਗਾਹ ਦੇ ਆਕਾਰ ਅਤੇ ਇਸ ਤੋਂ ਲੰਘਣ ਵਾਲੇ ਮਾਲ ਦੀ ਮਾਤਰਾ ਨੂੰ ਵੇਖਦਿਆਂ ਚੋਰੀ ਹੋਈਆਂ ਕਾਰਾਂ ਨੂੰ ਬਰਾਮਦ ਕਰਨਾ ਇੱਕ ਵੱਡੀ ਚੁਣੌਤੀ ਹੈ।