ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਦੁਆਰਾ ਜਹਾਜ਼ ਚ ਸਵਾਰੀਆਂ ਨੂੰ ਸੰਬੋਧਨ ਕਰਨ ਵਾਲੇ ਸਿਸਟਮ ‘ਤੇ ਬੋਲਣ ਤੋਂ ਬਾਅਦ ਵੈਸਟਜੈਟ ਦੇ ਕੈਬਿਨ ਕਰੂ ਦੀ ਨੁਮਾਇੰਦਗੀ ਕਰਦੀ ਯੂਨੀਅਨ ਨੇ ਏਅਰਲਾਈਨ ਤੋਂ ਮੁਆਫ਼ੀ ਦੀ ਮੰਗ ਕੀਤੀ ਹੈ। ਕਿਊਬੈਕ ਸਿਟੀ ਵਿਚ ਕੰਜ਼ਰਵੇਟਿਵ ਪਾਰਟੀ ਦੀ ਕਨਵੈਂਸ਼ਨ ਤੋਂ ਬਾਅਦ ਐਤਵਾਰ ਰਾਤ ਨੂੰ ਕੈਲਗਰੀ ਜਾਣ ਵਾਲੀ ਫ਼ਲਾਈਟ ਵਿਚ ਪੌਲੀਐਵ ਜਹਾਜ਼ ਦੇ PA ਸਿਸਟਮ ‘ਤੇ ਬੋਲਦੇ ਨਜ਼ਰੀਂ ਪੈ ਰਹੇ ਹਨ।
https://x.com/PierrePoilievre/status/1701232580153258307?s=20
ਪੌਲੀਐਵ ਦਾ ਚੋਣ ਮੁਹਿੰਮ ਦੇ ਸਟਾਈਲ ਦਾ ਭਾਸ਼ਣ 45 ਸੈਕੰਡ ਚਲਦਾ ਹੈ ਜਿਸ ਮਗਰੋਂ ਸਵਾਰੀਆਂ ਦਾ ਹਾਸਾ ਅਤੇ ਉਤਸਾਹ ਵੀ ਸੁਣਿਆ ਜਾ ਸਕਦੈ। CUPE ਐਲਬਰਟਾ ਲੋਕਲ ਦੀ ਪ੍ਰੈਜ਼ੀਡੈਂਟ ਆਲੀਆ ਹੁਸੈਨ ਨੇ ਕਿਹਾ ਕਿ ਇਹ ਬਹੁਤ ਨਿਰਾਸ਼ਾਜਨਕ ਹੈ ਕਿ ਏਅਰਲਾਈਨ ਨੇ ਇੱਕ ਸਿਆਸਤਦਾਨ ਨੂੰ PA ਸਿਸਟਮ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ। ਆਲੀਆ ਨੇ ਫ਼ਲਾਈਟ ਦੇ ਕਰੂ ਮੈਂਬਰਾਂ ਨੂੰ ਦੋਸ਼ੀ ਠਹਿਰਾਉਣ ‘ਤੇ ਵੈਸਟਜੈੱਟ ਤੋਂ ਮੁਆਫ਼ੀ ਦੀ ਮੰਗ ਕੀਤੀ ਅਤੇ ਉਹ ਕਹਿੰਦੀ ਹੈ ਕਿ ਏਅਰਲਾਈਨ ਅਤੇ ਪੌਲੀਐਵ ਦੋਵਾਂ ਦਾ ਹੀ ਫ਼ੈਸਲਾ ਮਾੜਾ ਸੀ।
ਵੈਸਟਜੈਟ ਦੇ ਸੀਈਓ, ਅਲੈਕਸਿਸ ਵੌਨ ਹੋਏਨਜ਼ਬਰੋਸ਼ ਨੇ ਕਿਹਾ ਕਿ ਇਹ ਫ਼ਲਾਈਟ ਵਿਸ਼ੇਸ਼ ਤੌਰ ‘ਤੇ ਕੰਜ਼ਰਵੇਟਿਵ ਪਾਰਟੀ ਦੇ ਇਜਲਾਸ ਲਈ ਵਧੀ ਮੰਗ ਦੇ ਮੱਦੇਨਜ਼ਰ ਮਦਦ ਲਈ ਸ਼ਾਮਲ ਕੀਤੀ ਗਈ ਸੀ ਅਤੇ ਇਸ ਕਰਕੇ ਮੁੱਖ ਤੌਰ ‘ਤੇ ਫ਼ਲਾਈਟ ਕੰਜ਼ਰਵੇਟਿਵ ਡੈਲੀਗੇਟਾਂ ਨਾਲ ਭਰੀ ਹੋਈ ਸੀ। ਪਰ ਫਿਰ ਵੀ, ਉਨ੍ਹਾਂ ਕਿਹਾ ਕਿ ਉਹ ਨੀਤੀ ‘ਤੇ ਮੁੜ ਵਿਚਾਰ ਕਰਨਗੇ। ਅਲੈਕਸਿਸ ਨੇ X ‘ਤੇ ਲਿਖਿਆ, ਪਾਰਟੀ ਦੇ ਲੀਡਰ ਨੂੰ ਜਹਾਜ਼ ‘ਤੇ ਡੈਲੀਗੇਟਾਂ ਦਾ ਸਵਾਗਤ ਕਰਨ ਦਾ ਮੌਕਾ ਦਿੱਤਾ ਗਿਆ ਸੀ (ਜੋ ਕਿ ਅਸਧਾਰਨ ਨਹੀਂ ਹੈ), ਪਰ ਇਹ ਰਾਜਨੀਤਿਕ ਸਮਰਥਨ ਨਹੀਂ ਸੀ ਅਤੇ ਨਾ ਹੀ ਇਸ ਨੂੰ ਇਸ ਤਰ੍ਹਾਂ ਸਮਝਿਆ ਜਾਣਾ ਚਾਹੀਦਾ ਹੈ।
ਦ ਕੈਨੇਡੀਅਨ ਪ੍ਰੈ੍ਸ