ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਓਨਟੇਰਿਓ ਦੇ ਲੰਡਨ ਸ਼ਹਿਰ ਵਿਚ ਹਾਊਸਿੰਗ ਨਿਰਮਾਣ ਲਈ 74 ਮਿਲੀਅਨ ਦੀ ਫ਼ੰਡਿੰਗ ਦਾ ਐਲਾਨ ਕੀਤਾ। ਇਹ ਫ਼ੰਡਿੰਗ ਹਾਊਸਿੰਗ ਐਕਸੀਲਰੇਟਰ ਫ਼ੰਡ ਦੇ ਤਹਿਤ ਕੀਤੀ ਜਾਵੇਗੀ ਅਤੇ ਇਸ ਸਮਝੌਤੇ ਤਹਿਤ 2,000 ਰਿਹਾਇਸ਼ੀ ਯੂਨਿਟ ਬਣਾਏ ਜਾਣਗੇ। ਲੰਡਨ ਹਾਊਸਿੰਗ ਐਕਸੀਲਰੇਟਰ ਫ਼ੰਡ ਤਹਿਤ ਸਰਕਾਰ ਨਾਲ ਇਕਰਾਰਨਾਮਾ ਕਰਨ ਵਾਲਾ ਕੈਨੇਡਾ ਦਾ ਪਹਿਲਾ ਸ਼ਹਿਰ ਹੈ। ਲੰਡਨ ਦੇ ਮੇਅਰ ਜੋਸ਼ ਮੌਰਗਨ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਹਾਊਸਿੰਗ ਨਿਰਮਾਣ ਦੇ ਮੁੱਦੇ ‘ਤੇ ਇਹ ਸਮਝੌਤਾ ਦੇਸ਼ ਦੇ ਬਾਕੀ ਹਿੱਸਿਆਂ ਲਈ ਵੀ ਇੱਕ ਮਿਸਾਲ ਕਾਇਮ ਕਰੇ।
ਮੌਰਗਨ ਨੇ ਕਿਹਾ ਕਿ ਅਗਲੇ ਤਿੰਨ ਸਾਲ ਵਿਚ 2,000 ਘਰਾਂ ਦੀ ਉਸਾਰੀ ਵਿਚ ਮਦਦ ਤੋਂ ਇਲਾਵਾ, ਇਹ ਫ਼ੰਡਿੰਗ ਆਉਣ ਵਾਲੇ ਸਾਲਾਂ ਵਿਚ ਹਜ਼ਾਰਾਂ ਵਾਧੂ ਰਿਹਾਇਸ਼ੀ ਯੂਨਿਟਾਂ ਦੇ ਨਿਰਮਾਣ ਵਿਚ ਵੀ ਮਦਦ ਕਰੇਗੀ। ਹਾਊਸਿੰਗ ਐਕਸੀਲਰੇਟਰ ਫੰਡ, ਜੋ ਪਹਿਲੀ ਵਾਰ 2021 ਦੀ ਚੋਣ ਮੁਹਿੰਮ ਦੌਰਾਨ ਐਲਾਨਿਆ ਗਿਆ ਸੀ, ਅਤੇ 2022 ਦੇ ਫੈਡਰਲ ਬਜਟ ਵਿੱਚ ਪੇਸ਼ ਕੀਤਾ ਗਿਆ ਸੀ, ਤਹਿਤ ਸ਼ਹਿਰਾਂ ਵਿੱਚ ਹੋਰ ਘਰ ਬਣਾਉਣ ਲਈ 2026-27 ਤੱਕ 4 ਬਿਲੀਅਨ ਦੀ ਫ਼ੰਡਿੰਗ ਦੀ ਵਿਵਸਥਾ ਹੈ।
ਪ੍ਰਧਾਨ ਮੰਤਰੀ ਦਫ਼ਤਰ ਦੇ ਇੱਕ ਬਿਆਨ ਅਨੁਸਾਰ ਲੰਡਨ ਨਾਲ ਹੋਏ ਸਮਝੌਤੇ ਤਹਿਤ ਸ਼ਹਿਰ ਨੂੰ $74 ਮਿਲੀਅਨ ਫੰਡਿੰਗ ਪ੍ਰਾਪਤ ਹੋਵੇਗੀ ਅਤੇ ਰੀਜ਼ੋਨਿੰਗ ਦੀ ਲੋੜ ਤੋਂ ਬਿਨਾਂ ਉੱਚ-ਘਣਤਾ ਵਾਲੇ ਵਿਕਾਸ ਨੂੰ ਮਨਜ਼ੂਰੀ ਦਿੱਤੀ ਜਾ ਸਕੇਗੀ। 10,000 ਤੋਂ ਵੱਧ ਦੀ ਆਬਾਦੀ ਵਾਲੀਆਂ ਮਿਉਂਸਪਲ ਸਰਕਾਰਾਂ ਨਵੀਆਂ ਪਹਿਲਕਦਮੀਆਂ ਪ੍ਰਸਤੁਤ ਕਰਕੇ ਇਸ ਫ਼ੰਡ ਵਿਚ ਹਿੱਸਾ ਲੈਣ ਲਈ ਅਰਜ਼ੀ ਦੇ ਸਕਦੀਆਂ ਹਨ ਜੋ ਉਹਨਾਂ ਦੇ ਸ਼ਹਿਰਾਂ ਵਿੱਚ ਘਰ ਬਣਾਉਣ ਦੀ ਸਾਲਾਨਾ ਦਰ ਵਿੱਚ ਘੱਟੋ ਘੱਟ 10 ਪ੍ਰਤੀਸ਼ਤ ਵਾਧਾ ਕਰੇਗੀ।
PMO ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਫ਼ੰਡ ਸ਼ਹਿਰਾਂ ਨੂੰ ਬਜ਼ੁਰਗਾਂ, ਵਿਦਿਆਰਥੀਆਂ ਅਤੇ ਪਰਿਵਾਰਾਂ ਦੀ ਮਦਦ ਲਈ ਜਨਤਕ ਆਵਾਜਾਈ ਦੇ ਆਲੇ-ਦੁਆਲੇ ਉੱਚ ਘਣਤਾ ਵਾਲੇ ਅਪਾਰਟਮੈਂਟ ਬਣਾਉਣ ਲਈ ਉਤਸ਼ਾਹਿਤ ਕਰਦਾ ਹੈ। ਇਸ ਇਕਰਾਰਨਾਮੇ ਦੇ ਐਲਾਨ ਤੋਂ ਬਾਅਦ ਟ੍ਰੂਡੋ ਦੇ ਕੈਨੇਡਾ ਦੇ ਹੋਰ ਮੇਅਰਾਂ ਨੂੰ ਵੀ ਵੰਗਾਰਿਆ ਕਿ ਉਹ ਆਪਣੇ ਆਪਣੇ ਪ੍ਰਸਤਾਵਾਂ ਨਾਲ ਅੱਗੇ ਆਉਣ ਤਾਂ ਕਿ ਕੈਨੇਡਾ ਵਿਚ ਘਰਾਂ ਦੀ ਸਪਲਾਈ ਵਧਾਈ ਜਾ ਸਕੇ ਅਤੇ ਪਰਿਵਾਰਾਂ ਲਈ ਕੀਮਤਾਂ ਘਟਾਈਆਂ ਜਾ ਸਕਣ।
ਕੈਨੇਡਾ ਮੋਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਨੇ ਇੱਕ ਨਵੀਂ ਰਿਪੋਰਟ ਵਿਚ ਕਿਹਾ ਹੈ ਕਿ ਸਾਲ 2004 ਜਿੰਨਾ ਕਿਫ਼ਾਇਤ ਪੱਧਰ ਪ੍ਰਾਪਤ ਕਰਨ ਲਈ ਸਾਲ 2030 ਤੱਕ, ਜਿੰਨੇ ਘਰ ਬਣਨੇ ਹਨ ਉਸਤੋਂ ਇਲਾਵਾ, 3.5 ਮਿਲੀਅਨ ਵਾਧੂ ਘਰਾਂ ਦੇ ਨਿਰਮਾਣ ਦੀ ਜ਼ਰੂਰਤ ਹੋਵੇਗੀ। 2022 ਵਿਚ CMHC ਨੇ ਉਸਾਰੀ ਦੀ ਦਰ ਦੇ ਹਿਸਾਬ ਨਾਲ ਅੰਦਾਜ਼ਾ ਲਗਾਇਆ ਸੀ ਕਿ 2030 ਤੱਕ ਕੈਨੇਡਾ ਵਿਚ 18.6 ਮਿਲੀਅਨ ਘਰ ਹੋਣਗੇ। ਪਰ ਘਰਾਂ ਦੀ ਉਸਾਰੀ ਵਿਚ ਕਮੀ ਦੇ ਮੱਦੇਨਜ਼ਰ 2023 ਦੇ ਅਨੁਮਾਨਾਂ ਵਿਚ ਇਸਨੂੰ ਘਟਾ ਕੇ 18.2 ਮਿਲੀਅਨ ਅਨੁਮਾਨਿਆ ਗਿਆ ਹੈ।
(ਸੀਬੀਸੀ ਨਿਊਜ਼)