ਇੱਕ ਨਵੀਂ ਸੈਨੇਟ ਰਿਪੋਰਟ ਦੇ ਨਤੀਜਿਆਂ ਅਨੁਸਾਰ ਇਸ ਦੇਸ਼ ਵਿੱਚ ਇਸਲਾਮੋਫ਼ੋਬੀਆ ਇੱਕ ਨਿਰੰਤਰ ਸਮੱਸਿਆ ਬਣੀ ਹੋਈ ਹੈ, ਅਤੇ ਨਫ਼ਰਤ ਦੀ ਵਧਦੀ ਲਹਿਰ ਨੂੰ ਰੋਕਣ ਲਈ ਤੁਰੰਤ ਕਾਰਵਾਈ ਦੀ ਲੋੜ ਹੈ। ਸੈਨੇਟ ਦੀ ਮਨੁੱਖੀ ਅਧਿਕਾਰ ਕਮੇਟੀ ਦੀ ਚੇਅਰ ਸਲਮਾ ਅਤਾਉੱਲ੍ਹਾਜਾਨ ਨੇ ਵੀਰਵਾਰ ਨੂੰ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ, ਸਬੂਤ ਸਪੱਸ਼ਟ ਹੈ: ਇਸਲਾਮੋਫ਼ੋਬੀਆ ਕੈਨੇਡੀਅਨ ਮੁਸਲਮਾਨਾਂ ਲਈ ਇੱਕ ਗੰਭੀਰ ਖ਼ਤਰਾ ਹੈ ਅਤੇ ਤੁਰੰਤ ਕਾਰਵਾਈ ਦੀ ਲੋੜ ਹੈ। ਸਾਨੂੰ ਇੱਕ ਵਧੇਰੇ ਸ਼ਮੂਲੀਅਤ ਵਾਲਾ ਦੇਸ਼ ਬਣਾਉਣ ਅਤੇ ਆਪਣੇ ਮੁਸਲਿਮ ਰਿਸ਼ਤੇਦਾਰਾਂ ਅਤੇ ਦੋਸਤਾਂ, ਗੁਆਂਢੀਆਂ ਅਤੇ ਸਹਿਯੋਗੀਆਂ ਨੂੰ ਬਿਹਤਰ ਢੰਗ ਨਾਲ ਉਤਸ਼ਾਹਿਤ ਕਰਨ ਲਈ ਵਚਨਬੱਧ ਹੋਣ ਦੀ ਜ਼ਰੂਰਤ ਹੈ।
ਇਹ ਰਿਪੋਰਟ ਕੈਨੇਡਾ ਵਿੱਚ ਇਸਲਾਮੋਫ਼ੋਬੀਆ ’ਤੇ ਤਿਆਰ ਕੀਤੀ ਆਪਣੀ ਕਿਸਮ ਦੀ ਪਹਿਲੀ ਰਿਪੋਰਟ ਹੈ। ਇਸ ਰਿਪੋਰਟ ਨੂੰ ਇੱਕ ਸਾਲ ਲੱਗਿਆ ਅਤੇ ਇਸ ਵਿੱਚ 21 ਜਨਤਕ ਮੀਟਿੰਗਾਂ ਅਤੇ 138 ਗਵਾਹਾਂ ਦੀਆਂ ਸੁਣਵਾਈਆਂ ਸ਼ਾਮਲ ਹਨ। ਰਿਪੋਰਟ ਵਿੱਚ ਪਾਇਆ ਗਿਆ ਤੱਥ ਕਿ ਚਾਰ ਵਿੱਚੋਂ ਇੱਕ ਕੈਨੇਡੀਅਨ ਮੁਸਲਮਾਨਾਂ ‘ਤੇ ਭਰੋਸਾ ਨਹੀਂ ਕਰਦਾ ਹੈ, ਓਨਟੇਰਿਓ ਦੇ ਪੀਲ ਖੇਤਰ ਵਿੱਚ ਹਲਾਲ ਮੀਟ ਦੀ ਸਪਲਾਇਰ ਮੈਪਲ ਲੌਜ ਫਾਰਮਜ਼ ਵੱਲੋਂ ਕਮੇਟੀ ਨੂੰ ਸੌਂਪੀ ਗਈ ਬੇਨਤੀ ਤੋਂ ਆਇਆ ਹੈ ਅਤੇ ਉਹਨਾਂ ਮੁਤਾਬਕ ਉਹਨਾਂ ਨੇ 1,500 ਕੈਨੇਡੀਅਨਜ਼ ਦੇ ਇੱਕ ਰਾਸ਼ਟਰੀ ਸਰਵੇਖਣ ਤੋਂ ਜਾਣਕਾਰੀ ਇਕੱਠੀ ਕੀਤੀ ਹੈ। ਕਮੇਟੀ ਨੂੰ ਦਿੱਤੇ ਦਸਤਾਵੇਜ਼ਾਂ ਇਸ ਬਾਰੇ ਵੇਰਵੇ ਨਹੀਂ ਹਨ ਕਿ ਸਰਵੇਖਣ ਦੇ ਉੱਤਰਦਾਤਾਵਾਂ ਨੂੰ ਕਿਵੇਂ ਚੁਣਿਆ ਗਿਆ ਸੀ ਜਾਂ ਉਹਨਾਂ ਨੂੰ ਕਿਹੜੇ ਖਾਸ ਸਵਾਲ ਪੁੱਛੇ ਗਏ ਸਨ।
ਕਮੇਟੀ ਇਹ ਜਾਣ ਕੇ ਪ੍ਰੇਸ਼ਾਨ ਹੈ ਕਿ ਇਸਲਾਮੋਫ਼ੋਬੀਆ ਦੀਆਂ ਘਟਨਾਵਾਂ ਬਹੁਤ ਸਾਰੇ ਮੁਸਲਮਾਨਾਂ ਲਈ ਇੱਕ ਰੋਜ਼ਾਨਾ ਦੀ ਹਕੀਕਤ ਹਨ, ਚਾਰ ਵਿੱਚੋਂ ਇੱਕ ਕੈਨੇਡੀਅਨ ਮੁਸਲਮਾਨਾਂ ‘ਤੇ ਭਰੋਸਾ ਨਹੀਂ ਕਰਦਾ ਹੈ ਅਤੇ ਇਹ ਕਿ ਕੈਨੇਡਾ ਇਸਲਾਮੋਫ਼ੋਬੀਆ ਦੁਆਰਾ ਪ੍ਰੇਰਿਤ ਮੁਸਲਮਾਨਾਂ ਦੇ ਨਿਸ਼ਾਨਾਬੱਧ ਕਤਲਾਂ ਦੇ ਮਾਮਲੇ ਵਿੱਚ ਜੀ-7 ਵਿੱਚ ਸਭ ਤੋਂ ਅੱਗੇ ਹੈ। ਮੁਸਲਿਮ ਔਰਤਾਂ ਹਿੰਸਾ ਅਤੇ ਡਰਾਏ ਜਾਣ ਦੀਆਂ ਘਟਨਾਵਾਂ ਦਾ ਮੁੱਖ ਨਿਸ਼ਾਨਾ ਬਣੀਆਂ ਹਨ ਕਿਉਂਕਿ ਉਹ ਆਪਣੇ ਪਹਿਰਾਵੇ ਤੋਂ ਆਸਾਨੀ ਨਾਲ ਪਛਾਣੀਆਂ ਜਾਂਦੀਆਂ ਹਨ। ਨਤੀਜੇ ਵਜੋਂ, ਬਹੁਤ ਸਾਰੀਆਂ ਔਰਤਾਂ ਕੰਮ, ਸਕੂਲ ਜਾਂ ਰੁਟੀਨ ਦੀਆਂ ਗਤੀਵਿਧੀਆਂ ਲਈ ਘਰੋਂ ਨਿਕਲਣ ਤੋਂ ਡਰਦੀਆਂ ਹਨ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਮੀਡੀਆ ਵਿਚ ਮੁਸਲਮਾਨਾਂ ਦੇ ਪੇਸ਼ ਕੀਤੇ ਚਿਤਰਣ ਕਰਕੇ ਗ਼ਲਤ ਧਾਰਨਾਵਾਂ ਸੱਚ ਵੱਜੋਂ ਸਥਾਪਿਤ ਹੋਈਆਂ ਹਨ। ਸੋਸ਼ਲ ਮੀਡੀਆ ‘ਤੇ ਨਫ਼ਰਤ ਆਧਾਰਿਤ ਜਾਣਕਾਰੀ ਫੈਲਾਈ ਜਾਣੀ ਇੱਕ ਵਧਦੀ ਸਮੱਸਿਆ ਬਣੀ ਹੋਈ ਹੈ ਅਤੇ ਕੈਨੇਡਾ ਵਿੱਚ 3,000 ਤੋਂ ਵੱਧ ਮੁਸਲਿਮ ਵਿਰੋਧੀ ਸੋਸ਼ਲ ਮੀਡੀਆ ਗਰੁੱਪ ਜਾਂ ਵੈੱਬਸਾਈਟਾਂ ਸਰਗਰਮ ਹਨ।