ਜਿਹਨਾਂ ਕੈਨੇਡੀਅਨਜ਼ ਦੇ ਅਜ਼ੀਜ਼ ਗਾਜ਼ਾ ਵਿਚ ਫਸੇ ਹੋਏ ਹਨ, ਉਹ ਅਜੇ ਵੀ ਇਹ ਇੰਤਜ਼ਾਰ ਕਰ ਰਹੇ ਹਨ ਕਿ ਜਿਹਨਾਂ 135 ਕੈਨੇਡੀਅਨਜ਼ ਨੂੰ ਗਾਜ਼ਾ ਚੋਂ ਨਿਕਲਣ ਦੀ ਆਗਿਆ ਪ੍ਰਾਪਤ ਹੋਈ ਸੀ, ਉਹ ਗਾਜ਼ਾ ਚੋਂ ਤੁਰ ਚੁੱਕੇ ਹਨ ਜਾਂ ਨਹੀਂ। ਗਾਜ਼ਾ ਦੀ ਜਨਰਲ ਅਥਾਰਟੀ ਫ਼ੌਰ ਕਰਾਸਿੰਗਜ਼ ਐਂਡ ਬਾਰਡਰਜ਼ ਦੀ ਰੋਜ਼ਾਨਾ ਸੂਚੀ, ਜਿਸ ਵਿੱਚ ਰਫ਼ਾਹ ਜ਼ਮੀਨੀ ਲਾਂਘੇ ਰਾਹੀਂ ਮਿਸਰ ਵਿੱਚ ਦਾਖ਼ਲ ਹੋਣ ਲਈ ਮਨਜ਼ੂਰ ਕੀਤੇ ਗਏ ਵਿਦੇਸ਼ੀ ਨਾਗਰਿਕਾਂ ਦੇ ਨਾਮ ਸ਼ਾਮਲ ਹੁੰਦੇ ਹਨ, ਵਿਚ ਐਤਵਾਰ ਨੂੰ ਕੈਨੇਡਾ ਨਾਲ ਸਬੰਧਤ 135 ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ।
ਪਰ ਗਲੋਬਲ ਅਫੇਅਰਜ਼ ਕੈਨੇਡਾ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਕਿ ਉਨ੍ਹਾਂ ਵਿੱਚੋਂ ਕਿੰਨੇ ਲੋਕ ਗਾਜ਼ਾ ਤੋਂ ਰਵਾਨਾ ਹੋਣ ਵਾਲੇ ਹਨ ਜਾਂ ਹੋ ਸਕਣਗੇ। ਆਖ਼ਰੀ ਅਪਡੇਟ ਵਿੱਚ ਕਿਹਾ ਗਿਆ ਹੈ ਕਿ 376 ਕੈਨੇਡੀਅਨਜ਼, ਪਰਮਾਨੈਂਟ ਰੈਜ਼ੀਡੈਂਟਸ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਰਫ਼ਾਹ ਕਰਾਸਿੰਗ ਰਾਹੀਂ ਫਲਸਤੀਨੀ ਖੇਤਰ ਛੱਡਣ ਦੇ ਯੋਗ ਹੋ ਗਏ ਹਨ।
ਗਾਜ਼ਾ ਦੇ ਸਰਹੱਦੀ ਅਧਿਕਾਰੀਆਂ ਦੁਆਰਾ ਪ੍ਰਦਾਨ ਕੀਤੀ ਗਈ ਤਾਜ਼ਾ ਸੂਚੀ ਵਿੱਚ ਕੋਈ ਵੀ ਕੈਨੇਡੀਅਨ ਸ਼ਾਮਲ ਨਹੀਂ ਹੈ। ਗਾਜ਼ਾ ਦੇ ਹਮਾਸ ਦੁਆਰਾ ਚਲਾਏ ਜਾ ਰਹੇ ਸਿਹਤ ਮੰਤਰਾਲੇ ਦਾ ਦਾਅਵਾ ਹੈ ਕਿ ਇਜ਼ਰਾਈਲ ਦੀ ਜਵਾਬੀ ਫ਼ੌਜੀ ਕਾਰਵਾਈ ਵਿੱਚ ਗਾਜ਼ਾ ਵਿਚ 11,500 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ।