GTA News Media

Top Info Bar
22.1°C Toronto Loading date...
Canada Punjab World

ਕੈਨੇਡਾ ਵੱਲੋਂ ਪ੍ਰਵਾਸੀਆਂ ਦੇ ਦੇਸ਼ ਨਿਕਾਲੇ ਦੀ ਰਫ਼ਤਾਰ ਤੇਜ਼, ਪਿਛਲੇ ਦੋ ਸਾਲਾਂ ਵਿਚ 29 ਹਜ਼ਾਰ ਡਿਪੋਰਟ

ਕੈਨੇਡਾ ਵੱਲੋਂ ਪ੍ਰਵਾਸੀਆਂ ਦੇ ਦੇਸ਼ ਨਿਕਾਲੇ ਦੀ ਰਫ਼ਤਾਰ ਤੇਜ਼, ਪਿਛਲੇ ਦੋ ਸਾਲਾਂ ਵਿਚ 29 ਹਜ਼ਾਰ ਡਿਪੋਰਟ
Share this post via:
ਕੈਨੇਡਾ ਵਿਚ ਪ੍ਰਵਾਸੀਆਂ ਦੇ ਦੇਸ਼ ਨਿਕਾਲੇ ਦੀ ਰਫਤਾਰ ਵਧ ਗਈ ਹੈ, ਜਿਸ ਦੇ ਨਤੀਜੇ ਵਜੋਂ ਪਿਛਲੇ ਦੋ ਸਾਲਾਂ ਵਿਚ 29 ਹਜ਼ਾਰ ਲੋਕਾਂ ਨੂੰ ਕੈਨੇਡਾ ਛੱਡਣਾ ਪਿਆ। ਇਸ ਪ੍ਰਕਿਰਿਆ ਉੱਤੇ 2023 ਵਿਚ ਲਿਬਰਲ ਸਰਕਾਰ ਨੇ 62 ਮਿਲੀਅਨ ਡਾਲਰ ਖਰਚ ਕੀਤੇ ਅਤੇ ਪ੍ਰਵਾਸੀਆਂ ਦੇ ਨਿਕਾਸੇ ਦੀ ਰਫਤਾਰ ਪਿਛਲੇ ਦਹਾਕੇ ਵਿਚ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਗਈ ਹੈ। ਸਟੀਫਨ ਹਾਰਪਰ ਦੀ ਸਰਕਾਰ ਦੇ ਦੌਰਾਨ ਇਕ ਸਾਲ ਵਿਚ ਲਗਭਗ 19 ਹਜ਼ਾਰ ਪ੍ਰਵਾਸੀਆਂ ਨੂੰ ਕੈਨੇਡਾ ਤੋਂ ਡਿਪੋਰਟ ਕੀਤਾ ਗਿਆ ਸੀ ਅਤੇ ਮੌਜੂਦਾ ਟਰੂਡੋ ਸਰਕਾਰ ਇਸ ਅੰਕੜੇ ਦੇ ਨੇੜੇ ਪਹੁੰਚ ਰਹੀ ਹੈ।

‘ਟੋਰਾਂਟੋ ਸਟਾਰ’ ਦੀ ਰਿਪੋਰਟ ਦੇ ਅਨੁਸਾਰ 2023-24 ਦੌਰਾਨ 16,205 ਗੈਰਕਾਨੂੰਨੀ ਪ੍ਰਵਾਸੀਆਂ ਨੂੰ ਕੈਨੇਡਾ ਤੋਂ ਡਿਪੋਰਟ ਕੀਤਾ ਗਿਆ, ਜੋ ਕਿ ਲਿਬਰਲ ਸਰਕਾਰ ਵੱਲੋਂ ਕੀਤੀ ਸਭ ਤੋਂ ਵੱਡੀ ਕਾਰਵਾਈ ਹੈ। 2015 ਵਿਚ ਸੱਤਾ ਸੰਭਾਲਣ ਤੋਂ ਬਾਅਦ, ਜਸਟਿਨ ਟਰੂਡੋ ਦੀ ਸਰਕਾਰ ਲਗਭਗ 92 ਹਜ਼ਾਰ ਪ੍ਰਵਾਸੀਆਂ ਨੂੰ ਕੈਨੇਡਾ ਤੋਂ ਕੱਢ ਚੁੱਕੀ ਹੈ, ਜਿਸ ਨੂੰ ਪ੍ਰਵਾਸੀਆਂ ਦੇ ਹੱਕਾਂ ਲਈ ਲੜਨ ਵਾਲੀਆਂ ਜਥੇਬੰਦੀਆਂ ਵੱਲੋਂ ਵਿਰੋਧ ਮਿਲ ਰਿਹਾ ਹੈ। ਉਨ੍ਹਾਂ ਵਿਚੋਂ ਕਈ ਮਾਮਲੇ ਚਰਚਾ ਦਾ ਕੇਂਦਰ ਬਣੇ ਹਨ, ਜਿਵੇਂ ਕਿ ਭਾਰਤ ਦੇ ਤਰੁਣ ਗੋਦਾਰਾ ਨੂੰ ਕੈਨੇਡਾ ਤੋਂ ਡਿਪੋਰਟ ਦਾ ਮਾਮਲਾ।

ਤਰੁਣ ਗੋਦਾਰਾ, ਜੋ ਸਟੱਡੀ ਵੀਜ਼ਾ ‘ਤੇ ਕੈਨੇਡਾ ਆਇਆ ਸੀ ਅਤੇ ਸਡਬਰੀ ਦੇ ਕੈਂਬਰੀਅਨ ਕਾਲਜ ਤੋਂ ਡਿਪਲੋਮਾ ਪ੍ਰਾਪਤ ਕਰਨ ਦੇ ਬਾਅਦ ਉਸ ਨੂੰ ਵਰਕ ਪਰਮਿਟ ਮਿਲਿਆ ਸੀ, ਪਰ ਪੀ.ਆਰ. ਹਾਸਲ ਕਰਨ ਵਿੱਚ ਅਸਫ਼ਲ ਰਹਿਣ ਕਾਰਨ ਉਸਦਾ ਵਰਕ ਪਰਮਿਟ ਨਵਿਆਉਣ ਤੋਂ ਇਨਕਾਰ ਕੀਤਾ ਗਿਆ। ਮਾਇਗ੍ਰੈਂਟ ਵਰਕਰਜ਼ ਅਲਾਇੰਸ ਫੌਰ ਚੇਂਜ ਦੇ ਕਾਰਜਕਾਰੀ ਡਾਇਰੈਕਟਰ ਸਈਅਦ ਹੁਸੈਨ ਨੇ ਟਰੂਡੋ ਸਰਕਾਰ ‘ਤੇ ਦੋਸ਼ ਲਗਾਇਆ ਕਿ ਇਕ ਪਾਸੇ ਉਹ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਪੱਕਾ ਕਰਨ ਦਾ ਵਾਅਦਾ ਕਰ ਰਹੀ ਹੈ, ਦੂਜੇ ਪਾਸੇ ਕਰੋੜਾਂ ਡਾਲਰ ਖਰਚ ਕਰਦਿਆਂ ਉਨ੍ਹਾਂ ਨੂੰ ਕੈਨੇਡਾ ਤੋਂ ਡਿਪੋਰਟ ਕਰ ਰਹੀ ਹੈ। ਕੈਨੇਡੀਅਨ ਕੌਂਸਲ ਫੌਰ ਰਫਿਊਜੀਜ਼ ਦੀ ਕਾਰਜਕਾਰੀ ਡਾਇਰੈਕਟਰ ਗੌਰੀ ਸ੍ਰੀਨਿਵਾਸਨ ਨੇ ਵੀ ਟਰੂਡੋ ਸਰਕਾਰ ਦੀ ਨੀਤੀ ਨੂੰ ਅਣਮਨੁੱਖੀ ਕਰਾਰ ਦਿਤਾ ਹੈ। ਉਨ੍ਹਾਂ ਕਿਹਾ ਕਿ ਕਈ ਸਾਲਾਂ ਤੋਂ ਪ੍ਰਵਾਸੀ ਪੱਕੇ ਹੋਣ ਦੀ ਉਡੀਕ ਕਰ ਰਹੇ ਹਨ, ਪਰ ਉਨ੍ਹਾਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ।

ਫੈਡਰਲ ਸਰਕਾਰ ਦੇ ਅੰਕੜਿਆਂ ਅਨੁਸਾਰ, ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ 2021 ਵਿਚ ਤਕਰੀਬਨ 7,500 ਪ੍ਰਵਾਸੀਆਂ ਨੂੰ ਕੈਨੇਡਾ ਤੋਂ ਡਿਪੋਰਟ ਕੀਤਾ, ਜਿਸ ਤੋਂ ਬਾਅਦ ਇਹ ਗਿਣਤੀ ਵਧ ਗਈ। ਡਿਪੋਰਟ ਕੀਤੇ ਗਏ ਪ੍ਰਵਾਸੀਆਂ ਵਿਚੋਂ ਸਿਰਫ ਪੰਜ ਫੀਸਦੀ ਅਪਰਾਧਕ ਸਰਗਰਮੀਆਂ ਵਿਚ ਸ਼ਾਮਲ ਸਨ, ਪਰ ਫਿਰ ਵੀ ਨਰਮੀ ਨਹੀਂ ਵਰਤੀ ਗਈ। ਸੀ.ਬੀ.ਐਸ.ਏ. ਦਾ ਕਹਿਣਾ ਹੈ ਕਿ ਇਕ ਪ੍ਰਵਾਸੀ ਨੂੰ ਡਿਪੋਰਟ ਕਰਨ ‘ਤੇ 3,800 ਡਾਲਰ ਦਾ ਖਰਚਾ ਆਉਂਦਾ ਹੈ, ਪਰ ਜੇਕਰ ਉਹ ਨਿਗਰਾਨੀ ਹੇਠ ਮੁਲਕ ਵਿਚ ਛੱਡਿਆ ਜਾਂਦਾ ਹੈ, ਤਾਂ ਇਹ ਖਰਚਾ 12,500 ਡਾਲਰ ਤੱਕ ਵੱਧ ਸਕਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਦੇਸ਼ ਨਿਕਾਲੇ ਦਾ ਫੈਸਲਾ ਹਲਕੇ ਤੌਰ ‘ਤੇ ਨਹੀਂ ਲਿਆ ਜਾਂਦਾ।