ਅਪਾਹਜ ਵਿਅਕਤੀਆਂ ਲਈ ਸਮਰਪਿਤ ਲੂਸੋ ਕੈਨੇਡੀਅਨ ਚੈਰੀਟੇਬਲ ਸੁਸਾਇਟੀ ਨੂੰ ਵੱਡੀ ਸਹੂਲਤ ਮਿਲੀ ਹੈ। ਇਸ ਸੰਸਥਾ ਨੂੰ ਅਪਾਹਜ ਅਤੇ ਸਰੀਰਕ ਅਸਮਰਥਤਾਵਾਂ ਵਾਲੇ ਵਿਅਕਤੀਆਂ ਲਈ ਸਹੂਲਤਾਂ ਅਤੇ ਸੇਵਾਵਾਂ ਵਿੱਚ ਸੁਧਾਰ ਕਰਨ ਦੇ ਪ੍ਰੋਜੈਕਟ ਲਈ ਫੈਡਰਲ ਸਰਕਾਰ ਵੱਲੋਂ $2.7 ਮਿਲੀਅਨ ਦੀ ਫੰਡਿੰਗ ਪ੍ਰਾਪਤ ਹੋਈ ਹੈ।
ਇਸ ਮੁਹਿੰਮ ਨੂੰ ਮਜ਼ਬੂਤ ਕਰਨ ਲਈ ਕੈਨੇਡਾ ਦੇ ਅਪਾਹਜ ਵਿਅਕਤੀਆਂ ਲਈ ਮੰਤਰੀ, ਕਮਲ ਖਹਿਰਾ ਨੇ ਲੂਸੋ ਚੈਰੀਟੇਬਲ ਸੁਸਾਇਟੀ ਦਾ ਦੌਰਾ ਕੀਤਾ। ਉਨ੍ਹਾਂ ਨਾਲ ਮਿਸੀਸਾਗਾ-ਸਟ੍ਰੀਟਸਵਿਲੇ ਦੇ ਸੰਸਦ ਮੈਂਬਰ ਰੀਚੀ ਵਾਲਡੇਜ਼, ਮਿਸੀਸਾਗਾ-ਲੇਕੇਸ਼ੋਰ ਤੋਂ ਚਾਰਲਸ ਸੂਸਾ ਅਤੇ ਮਿਸੀਸਾਗਾ-ਕੁਕਸਵਿਲੇ ਤੋਂ ਪੀਟਰ ਫੋਂਸੇਕਾ ਵੀ ਮੌਜੂਦ ਸਨ।
ਇਹ ਫੰਡਿੰਗ ਕੈਨੇਡਾ ਸਰਕਾਰ ਦੇ ਐਨਬਲਿੰਗ ਐਕਸੈਸਬਿਲਿਟੀ ਫੰਡ (ਈਏਐਫ) ਤਹਿਤ ਦਿੱਤੀ ਜਾ ਰਹੀ ਹੈ, ਜਿਸ ਦਾ ਮਕਸਦ ਅਪਾਹਜ ਵਿਅਕਤੀਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ ਅਤੇ ਉਹਨਾਂ ਦੀਆਂ ਸੇਵਾਵਾਂ ਤੱਕ ਪਹੁੰਚ ਨੂੰ ਸੁਗਮ ਬਣਾ ਕੇ ਸਮਾਜਿਕ ਤੇ ਆਰਥਿਕ ਸ਼ਮੂਲੀਅਤ ਨੂੰ ਵਧਾਉਣਾ ਹੈ।
ਲੂਸੋ ਸੰਸਥਾ ਦੇ ਇਸ ਨਵੇਂ ਪ੍ਰੋਜੈਕਟ ਤਹਿਤ, ਪਹੁੰਚਯੋਗ ਐਲੀਵੇਟਰ, ਰੈਂਪ, ਪਹੁੰਚਯੋਗ ਵਾਸ਼ਰੂਮ, ਮਲਟੀਸੈਂਸਰੀ ਰੂਮ ਅਤੇ ਹੋਰ ਬੁਨਿਆਦੀ ਢਾਂਚਿਆਂ ਨੂੰ ਨਵੀਂ ਤਰ੍ਹਾਂ ਬਣਾਇਆ ਜਾਵੇਗਾ, ਜੋ ਕਿ ਅਪਾਹਜ ਵਿਅਕਤੀਆਂ ਨੂੰ ਸਹੂਲਤ ਅਤੇ ਨਵੀਆਂ ਨੌਕਰੀਆਂ ਪ੍ਰਦਾਨ ਕਰਨ ਵਿੱਚ ਮਦਦਗਾਰ ਹੋਵੇਗਾ।
ਇਸ ਮੌਕੇ ਤੇ ਮੰਤਰੀ ਕਮਲ ਖਹਿਰਾ ਨੇ ਕਿਹਾ ਕਿ, “ਕੈਨੇਡਾ ਦੇ 27% ਲੋਕ ਅਪਾਹਜ ਹਨ, ਜਿਨ੍ਹਾਂ ਦੀ ਦੇਖਭਾਲ ਕਰਨਾ ਸਾਡੇ ਲਈ ਬਹੁਤ ਮਹੱਤਵਪੂਰਨ ਹੈ। ਇਹ ਪ੍ਰੋਜੈਕਟ ਇਸ ਗੱਲ ਦਾ ਸਪੱਸ਼ਟ ਸਬੂਤ ਹੈ ਕਿ ਅਸੀਂ ਪਹੁੰਚਯੋਗਤਾ ਅਤੇ ਅਪਾਹਜਤਾ ਨੂੰ ਮੁੱਖ ਧਿਆਨ ਵਿੱਚ ਰੱਖਦੇ ਹੋਏ ਨਵੇਂ ਪ੍ਰੋਜੈਕਟਾਂ ‘ਤੇ ਨਿਵੇਸ਼ ਕਰ ਰਹੇ ਹਾਂ।”
ਫੈਡਰਲ ਸਰਕਾਰ ਨੇ ਇਸ ਮਾਹੌਲ ਨੂੰ ਵਧੇਰੇ ਪਹੁੰਚਯੋਗ ਅਤੇ ਸਹਾਇਕ ਬਣਾਉਣ ਦੇ ਉਦੇਸ਼ ਨਾਲ ਅਪਾਹਜ ਲੋਕਾਂ ਲਈ ਇਸ ਪ੍ਰੋਜੈਕਟ ਵਿੱਚ ਮਦਦ ਕੀਤੀ ਹੈ।