ਉਨਟਾਰੀਓ ਸੂਬੇ ‘ਚ ਅਗਲੇ 15 ਸਾਲਾਂ ਵਿੱਚ ਗੰਭੀਰ ਬਿਮਾਰੀਆਂ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 31 ਲੱਖ ਤੱਕ ਪਹੁੰਚਣ ਦੀ ਸੰਭਾਵਨਾ ਹੈ। ਇਹ ਗਿਣਤੀ ਸਿਰਫ਼ 4 ਸਾਲ ਪਹਿਲਾਂ, 18 ਲੱਖ ਦਰਜ ਕੀਤੀ ਗਈ ਸੀ। ਯੂਨੀਵਰਸਿਟੀ ਆਫ਼ ਟੋਰਾਂਟੋ ਦੇ ਤਾਜ਼ਾ ਅਧਿਐਨ ਮੁਤਾਬਕ, 2040 ਤੱਕ 30 ਸਾਲ ਤੋਂ ਵੱਧ ਉਮਰ ਵਾਲੇ ਹਰ ਚੌਥੇ ਵਿਅਕਤੀ ਨੂੰ ਕੋਈ ਨ ਕੋਈ ਗੰਭੀਰ ਬਿਮਾਰੀ ਹੋ ਸਕਦੀ ਹੈ, ਜਿਸ ਕਰਕੇ ਹਸਪਤਾਲ ਵਿੱਚ ਦਾਖਲ ਕਰਵਾਉਣ ਦੀ ਲੋੜ ਪੈ ਸਕਦੀ ਹੈ।
ਇਹ ਅਧਿਐਨ ਯੂਨੀਵਰਸਿਟੀ ਦੇ ਡਾਲਾ ਲਾਨਾ ਸਕੂਲ ਆਫ਼ ਪਬਲਿਕ ਹੈਲਥ ਅਤੇ ਉਨਟਾਰੀਓ ਹਸਪਤਾਲ ਐਸੋਸੀਏਸ਼ਨ ਦੇ ਸਹਿਯੋਗ ਨਾਲ ਕੀਤਾ ਗਿਆ, ਜੋ ਦਿਖਾਉਂਦਾ ਹੈ ਕਿ ਸਿਹਤ ਸੰਭਾਲ ਦੇ ਹਾਲਾਤ ਲਗਾਤਾਰ ਨਿੱਘ ਰਹੇ ਹਨ। 2002 ਵਿੱਚ, ਹਰ ਅੱਠਵੇਂ ਵਿਅਕਤੀ ਨੂੰ ਕੋਈ ਗੰਭੀਰ ਬਿਮਾਰੀ ਸੀ, ਪਰ 2040 ਤੱਕ ਇਹ ਅਨੁਪਾਤ ਹੋਰ ਬਦਤਰ ਹੋਣ ਦੀ ਸੰਭਾਵਨਾ ਹੈ।
ਉਨਟਾਰੀਓ ਹਸਪਤਾਲ ਐਸੋਸੀਏਸ਼ਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਐਂਥਨੀ ਡੇਲ ਦਾ ਕਹਿਣਾ ਹੈ ਕਿ ਸਿਹਤ ਸੰਭਾਲ ਸਿਸਟਮ ਨੂੰ ਠੀਕ ਕਰਨ ਅਤੇ ਹਸਪਤਾਲਾਂ ਦੀ ਸਮਰੱਥਾ ਨੂੰ ਵਧਾਉਣ ਲਈ ਫੌਰੀ ਕਦਮ ਚੁੱਕਣ ਦੀ ਲੋੜ ਹੈ, ਨਹੀਂ ਤਾਂ ਭਵਿੱਖ ਵਿਚ ਇਹ ਪ੍ਰਣਾਲੀ ਗੰਭੀਰ ਦਬਾਅ ਹੇਠ ਆ ਸਕਦੀ ਹੈ। ਡਾਇਬਟੀਜ਼, ਕੈਂਸਰ, ਅਤੇ ਗਠੀਆ ਵਰਗੀਆਂ ਬਿਮਾਰੀਆਂ ਵਿੱਚ ਵੀ ਵਾਧਾ ਹੋਵੇਗਾ ਅਤੇ ਕਈ ਮਰੀਜ਼ ਇੱਕ ਤੋਂ ਵੱਧ ਗੰਭੀਰ ਬਿਮਾਰੀਆਂ ਨਾਲ ਪੀੜਤ ਹੋ ਸਕਦੇ ਹਨ।
ਅਧਿਐਨ ਦੇ ਸਹਿ-ਲੇਖਕ ਐਡਸਟਾਈਨ ਬ੍ਰਾਊਨ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਜੇਕਰ ਅੱਜ ਤੋਂ ਯੋਜਨਾਬੰਦੀ ਕੀਤੀ ਜਾਵੇ, ਤਾਂ ਹੀ 2040 ਦੀਆਂ ਸਿਹਤ ਸੰਭਾਲ ਦੀਆਂ ਜ਼ਰੂਰਤਾਂ ਪੂਰੀਆਂ ਹੋ ਸਕਦੀਆਂ ਹਨ। ਇਸ ਸਮੇਂ ਕੈਨੇਡਾ ਦੀ ਔਸਤ ਉਮਰ 82 ਸਾਲ ਹੈ ਅਤੇ ਵੱਡੀ ਉਮਰ ਦੇ ਲੋਕਾਂ ਦੀ ਵਧ ਰਹੀ ਗਿਣਤੀ ਦੇ ਮੱਦੇਨਜ਼ਰ, ਸਰਕਾਰ ਨੂੰ ਤੁਰੰਤ ਕੰਮ ਕਰਨਾ ਚਾਹੀਦਾ ਹੈ।
ਇਹ ਵੀ ਉਮੀਦ ਜਤਾਈ ਗਈ ਹੈ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ, ਜੀਨ ਥੈਰੇਪੀ, ਅਤੇ ਪਰਸਨਲਾਈਜ਼ਡ ਮੈਡੀਸਿਨ ਵਰਗੀਆਂ ਤਕਨਾਲੋਜੀਆਂ ਸਿਹਤ ਖੇਤਰ ਵਿੱਚ ਹੋ ਰਹੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਸਹਾਇਕ ਸਾਬਤ ਹੋ ਸਕਦੀਆਂ ਹਨ।